
ਵਾਸ਼ਿੰਗਟਨ/ਤੇਹਰਾਨ-ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਘਟਾਉਣ ਲਈ ਦੋਵੇਂ ਦੇਸ਼ਾਂ ਨੇ ਇੱਕ ਅੰਤਰਿਮ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰ ਦਿੱਤੇ ਹਨ। ਇਸ ਸਮਝੌਤੇ ਨਾਲ ਨਾ ਸਿਰਫ਼ ਦੋਵੇਂ ਦੇਸ਼ਾਂ ਵਿਚਾਲੇ ਦੁਸ਼ਮਣੀ ਖ਼ਤਮ ਹੋਵੇਗੀ, ਸਗੋਂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੋਰਮੁਜ਼ ਜਲਡਮਰੂਮੱਧ (Strait of Hormuz) ਵੀ ਮੁੜ ਖੋਲ੍ਹ ਦਿੱਤਾ ਗਿਆ ਹੈ।ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ 14 ਨੁਕਾਤੀ ਸਮਝੌਤਾ ਪੱਤਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਦੋਵੇਂ ਦੇਸ਼ ਅਗਲੇ 60 ਦਿਨਾਂ ਦੌਰਾਨ ਸਥਾਈ ਸਮਝੌਤੇ ਲਈ ਗੱਲਬਾਤ ਜਾਰੀ ਰੱਖਣਗੇ।
ਸਮਝੌਤੇ ਅਨੁਸਾਰ ਈਰਾਨ ਆਪਣੇ ਉੱਚ ਪੱਧਰ ‘ਤੇ ਸੰਪੰਨ ਕੀਤੇ ਯੂਰੇਨੀਅਮ ਦੇ ਭੰਡਾਰ ਨੂੰ ਘੱਟ ਕਰਨ ਲਈ ਸਹਿਮਤ ਹੋਇਆ ਹੈ, ਜਦਕਿ ਅਮਰੀਕਾ ਕੁਝ ਪਾਬੰਦੀਆਂ ਵਿੱਚ ਢਿੱਲ ਦੇਵੇਗਾ, ਜਿਸ ਨਾਲ ਈਰਾਨ ਨੂੰ ਮੁੜ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਵੇਚਣ ਦੀ ਇਜਾਜ਼ਤ ਮਿਲੇਗੀ।ਇਸ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੂੰ ਕੁਝ ਬੈਲਿਸਟਿਕ ਮਿਜ਼ਾਈਲਾਂ ਰੱਖਣ ਦੀ ਆਗਿਆ ਹੋਣੀ ਚਾਹੀਦੀ ਹੈ ਕਿਉਂਕਿ ਖੇਤਰ ਦੇ ਹੋਰ ਦੇਸ਼ਾਂ ਕੋਲ ਵੀ ਅਜਿਹੇ ਹਥਿਆਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸਲ ਚਿੰਤਾ ਪ੍ਰਮਾਣੂ ਹਥਿਆਰ ਹਨ, ਨਾ ਕਿ ਬੈਲਿਸਟਿਕ ਮਿਜ਼ਾਈਲਾਂ।
ਦੂਜੇ ਪਾਸੇ ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਸਦਾ ਮਿਜ਼ਾਈਲ ਪ੍ਰੋਗਰਾਮ ਕਿਸੇ ਵੀ ਹਾਲਤ ਵਿੱਚ ਗੱਲਬਾਤ ਦਾ ਹਿੱਸਾ ਨਹੀਂ ਬਣੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਅਮਰੀਕਾ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਨਹੀਂ ਕਰਦਾ ਤਾਂ ਈਰਾਨ ਵੀ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰੇਗਾ।ਹੋਰਮੁਜ਼ ਜਲਡਮਰੂਮੱਧ ਦੇ ਮੁੜ ਖੁੱਲ੍ਹਣ ਨਾਲ ਵਿਸ਼ਵ ਊਰਜਾ ਬਾਜ਼ਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਰਸਤੇ ਰਾਹੀਂ ਦੁਨੀਆ ਦੇ ਵੱਡੇ ਹਿੱਸੇ ਦਾ ਤੇਲ ਅਤੇ ਗੈਸ ਸਪਲਾਈ ਹੁੰਦੀ ਹੈ। ਸਮਝੌਤੇ ਦੀ ਖ਼ਬਰ ਆਉਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਬਾਜ਼ਾਰਾਂ ਵਿੱਚ ਸਥਿਰਤਾ ਦੇ ਸੰਕੇਤ ਮਿਲੇ ਹਨ।ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ 60 ਦਿਨਾਂ ਦੀ ਗੱਲਬਾਤ ਸਫ਼ਲ ਰਹਿੰਦੀ ਹੈ ਤਾਂ ਇਹ ਸਮਝੌਤਾ ਮੱਧ ਪੂਰਬ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਅਤੇ ਵਿਸ਼ਵ ਅਰਥਵਿਵਸਥਾ ਲਈ ਇੱਕ ਮਹੱਤਵਪੂਰਨ ਮੋੜ ਸਾਬਤ ਹੋ ਸਕਦਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










