
ਈਸਟ ਰਦਰਫੋਰਡ (ਨਿਊ ਜਰਸੀ)-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਨਿਊ ਜਰਸੀ ਦੇ ਈਸਟ ਰਦਰਫੋਰਡ ਵਿੱਚ ਸਪੇਨ ਅਤੇ ਅਰਜਨਟੀਨਾ ਦਰਮਿਆਨ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਦਾ ਆਨੰਦ ਮਾਣਿਆ।
ਮਾਰਕ ਕਾਰਨੀ ਨੇ ਆਪਣੀ ਪਤਨੀ ਡਾਇਨਾ ਫਾਕਸ ਕਾਰਨੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ, ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬਾਊਮ ਅਤੇ ਫੀਫਾ ਪ੍ਰਧਾਨ ਜਿਆਨੀ ਇਨਫਾਂਟੀਨੋ ਨਾਲ ਇੱਕ ਵਿਸ਼ੇਸ਼ ਸੂਟ ਵਿੱਚ ਬੈਠ ਕੇ ਮੁਕਾਬਲਾ ਵੇਖਿਆ।
ਮੁਕਾਬਲੇ ਦੀ ਸ਼ੁਰੂਆਤ ਮੌਕੇ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ‘ਤੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਵੈਨਕੂਵਰ, ਟੋਰਾਂਟੋ ਅਤੇ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿੱਚ ਲੱਖਾਂ ਪ੍ਰਸ਼ੰਸਕਾਂ ਨੇ ਕੈਨੇਡਾ ਦੀ ਟੀਮ ਦਾ ਉਤਸ਼ਾਹ ਨਾਲ ਸਮਰਥਨ ਕੀਤਾ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਦ੍ਰਿੜ੍ਹ ਇਰਾਦੇ, ਹੌਸਲੇ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕਾਰਨੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ, “ਸਾਡੀ ਟੀਮ ਅਤੇ ਸਾਡੇ ਪ੍ਰਸ਼ੰਸਕਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਕੈਨੇਡਾ ਕਿਸੇ ਵੀ ਮੈਦਾਨ ਅਤੇ ਕਿਸੇ ਵੀ ਟੀਮ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦਾ ਹੈ। ਕੈਨੇਡਾ ਦੇ ਫੁੱਟਬਾਲ ਸਫ਼ਰ ਦੀ ਇਹ ਸਿਰਫ਼ ਸ਼ੁਰੂਆਤ ਹੈ ਅਤੇ ਸਭ ਤੋਂ ਵਧੀਆ ਸਮਾਂ ਅਜੇ ਆਉਣਾ ਬਾਕੀ ਹੈ।”
ਇਸ ਤੋਂ ਪਹਿਲਾਂ ਐਤਵਾਰ ਨੂੰ ਮਾਰਕ ਕਾਰਨੀ ਨੇ ਓਟਾਵਾ ਵਿੱਚ ਜੰਗਲਾਂ ਦੀਆਂ ਅੱਗਾਂ ਨਾਲ ਨਜਿੱਠਣ ਲਈ ਕੰਮ ਕਰ ਰਹੇ ਸੰਘੀ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਉੱਤਰ-ਪੱਛਮੀ ਓਨਟਾਰੀਓ ਸਮੇਤ ਦੇਸ਼ ਭਰ ਵਿੱਚ ਲੱਗੀਆਂ ਅੱਗਾਂ ‘ਤੇ ਕਾਬੂ ਪਾਉਣ ਲਈ 5,000 ਤੋਂ ਵੱਧ ਅੱਗ ਬੁਝਾਊ ਕਰਮਚਾਰੀ ਅਤੇ ਕਰੀਬ 300 ਵਾਟਰਬੰਬਰ ਜਹਾਜ਼ਾਂ ਤੇ ਹੋਰ ਹਵਾਈ ਸਾਧਨਾਂ ਦੀ ਸਹਾਇਤਾ ਲਈ ਜਾ ਰਹੀ ਹੈ।
ਰਾਸ਼ਟਰੀ ਜੰਗਲੀ ਅੱਗ ਸਥਿਤੀ ਰਿਪੋਰਟ ਮੁਤਾਬਕ ਇਸ ਵੇਲੇ ਕੈਨੇਡਾ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਲਗਭਗ 1,000 ਜੰਗਲੀ ਅੱਗਾਂ ਸੜ ਰਹੀਆਂ ਹਨ, ਜਿਸ ਕਾਰਨ ਦੇਸ਼ ਇਸ ਸਾਲ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਮੌਸਮਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










