ਚੰਡੀਗੜ੍ਹ, 24 ਜੁਲਾਈ ;ਪੰਜਾਬ ਸਰਕਾਰ ਨੇ ਬਰਨਾਲਾ ’ਚ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀ.ਐੱਸ.ਪੀ. ਸਤਵੀਰ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ ਹੈ। ਬਰਨਾਲਾ ’ਚ ਬੁੱਧਵਾਰ ਵਾਲੇ ਦਿਨ ਸਫ਼ਾਈ ਸੇਵਕਾਂ ਨੂੰ ਖਦੇੜਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਅਤੇ ਇਸ ਮੌਕੇ ਮਹਿਲਾ ਸਫ਼ਾਈ ਸੇਵਕਾਂ ’ਤੇ ਵੀ ਪੁਲਿਸ ਨੇ ਡਾਂਗ ਚਲਾਈ ਸੀ। ਸੋਸ਼ਲ ਮੀਡੀਆ ’ਤੇ ਔਰਤਾਂ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੀਆਂ ਵੀਡੀਓਜ਼ ਕਾਰਨ ਇਹ ਮਾਮਲਾ ਤੂਲ ਫੜ ਲਿਆ ਸੀ। ਬਰਨਾਲਾ ਘਟਨਾ ਦਾ ਰੌਲਾ ਪੈਣ ਤੇ ਘਟਨਾ ਦੀ ਨਿਖੇਧੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਡੀ.ਐੱਸ.ਪੀ. ਨੂੰ ਮੁਅੱਤਲ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀ.ਜੀ.ਪੀ. ਨੂੰ ਇਸ ਮਾਮਲੇ ’ਤੇ ਫ਼ੌਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਬਰਨਾਲਾ ਘਟਨਾ ਦੀ ਪਟਿਆਲਾ ਰੇਂਜ ਦੇ ਡੀ ਆਈ ਜੀ ਵੱਲੋਂ ਪੜਤਾਲ ਕਰਕੇ ਰਿਪੋਰਟ ਪੇਸ਼ ਕੀਤੀ ਸੀ। ਅੱਜ ਰਿਪੋਰਟ ਮਿਲਣ ਮਗਰੋਂ ਹੀ ਡੀ.ਆਈ.ਜੀ. ਨੇ ਬਰਨਾਲਾ ਪੁਲਿਸ ਦੇ ਡੀ.ਐੱਸ.ਪੀ. ਸਤਵੀਰ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡਕੁਆਰਟਰ ਚੌਥੀ ਕਮਾਂਡੋ ਬਟਾਲੀਅਨ ਮੁਹਾਲੀ ਕਰ ਦਿੱਤਾ ਹੈ।
ਬਰਨਾਲਾ ’ਚ ਪ੍ਰਦਰਸ਼ਨਕਾਰੀ ਸਫ਼ਾਈ ਸੇਵਕਾਂ ਨੇ ਕੂੜਾ ਚੁੱਕਣ ਵਾਲੀਆਂ ਟੀਮਾਂ ਨੂੰ ਰੋਕਣਾ ਚਾਹਿਆ ਸੀ ਅਤੇ ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਟਕਰਾਅ ਹੋ ਗਿਆ ਸੀ। ਬਰਨਾਲਾ ਨਿਗਮ ਨੇ ਸ਼ਹਿਰ ਵਿਚੋਂ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ।
ਚੇਤੇ ਰਹੇ ਕਿ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ। ਬਰਨਾਲਾ ਲਾਠੀਚਾਰਜ ਘਟਨਾ ’ਚ ਕਈ ਸਫ਼ਾਈ ਸੇਵਕਾਂ ਨੂੰ ਸੱਟਾਂ ਵੀ ਲੱਗੀਆਂ ਸਨ।
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਸੀ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਰਿਪੋਰਟ ਹਫ਼ਤੇ ਦੇ ਅੰਦਰ-ਅੰਦਰ ਸੌਂਪਣ ਲਈ ਕਿਹਾ ਸੀ। ਇਸੇ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਵੀ ਬਰਨਾਲਾ ’ਚ ਹੋਏ ਲਾਠੀਚਾਰਜ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਤੋਂ ਜਵਾਬ ਤਲਬ ਕੀਤਾ ਸੀ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










