ਵਿਸ਼ਾਖਾਪਟਨਮ ਨੇ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਬਣਾਈ ਥਾਂ
ਨਵੀਂ ਦਿੱਲੀ, : ਲਿੰਕਡਇਨ ਦੀ ਤਾਜ਼ਾ ‘ਸਿਟੀਜ਼ ਆਨ ਦ ਰਾਈਜ਼’ (ਤੇਜ਼ੀ ਨਾਲ ਉੱਭਰਦੇ ਸ਼ਹਿਰ) ਰਿਪੋਰਟ ਦੇ ਅਨੁਸਾਰ, ਭਾਰਤ ਦੇ ਉਨ੍ਹਾਂ 10 ਗ਼ੈਰ-ਮੈਟਰੋ ਸ਼ਹਿਰਾਂ ਦੀ ਸੂਚੀ ਵਿੱਚ ਲੁਧਿਆਣਾ ਦੂਜੇ ਸਥਾਨ ‘ਤੇ ਆਇਆ ਹੈ, ਜੋ ਤੇਜ਼ੀ ਨਾਲ ਵਧ ਰਹੇ ਨੌਕਰੀਆਂ ਦੇ ਬਾਜ਼ਾਰ (ਜੌਬ ਮਾਰਕੀਟ) ਬਣ ਰਹੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਾਖਾਪਟਨਮ ਇਸ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਹੈ ਅਤੇ ਇਸ ਤੋਂ ਬਾਅਦ ਲੁਧਿਆਣਾ, ਸੂਰਤ, ਵਡੋਦਰਾ ਅਤੇ ਪ੍ਰਯਾਗਰਾਜ ਆਉਂਦੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਹੁਣ ਭਾਰਤ ਵਿੱਚ ਨੌਕਰੀਆਂ ਦੇ ਮੌਕੇ ਸਿਰਫ਼ ਬੈਂਗਲੁਰੂ ਦੇ ਆਈ ਟੀ ਕੈਂਪਸਾਂ, ਗੁਰੂਗ੍ਰਾਮ ਦੇ ਵੱਡੇ ਟਾਵਰਾਂ ਜਾਂ ਮੁੰਬਈ ਦੇ ਟਰੇਡਿੰਗ ਫ਼ਲੋਰਾਂ ਤੱਕ ਹੀ ਸੀਮਤ ਨਹੀਂ ਰਹੇ ਹਨ। ਪ੍ਰੋਫ਼ੈਸ਼ਨਲ ਨੈੱਟਵਰਕਿੰਗ ਸਾਈਟ ਦੀ ਰਿਪੋਰਟ ਦੇ ਦੂਜੇ ਸੰਸਕਰਣ ਵਿੱਚ ਰੁਜ਼ਗਾਰ ਦੇ ਲਿਹਾਜ਼ ਨਾਲ ਸਭ ਤੋਂ ਬਿਹਤਰ ਰਫ਼ਤਾਰ ਵਾਲੇ ਦੱਸ ਗ਼ੈਰ-ਮੈਟਰੋ ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ। ਇਸ ਸੂਚੀ ਵਿੱਚ ਰਾਜਕੋਟ, ਜਬਲਪੁਰ, ਰਾਂਚੀ, ਰਾਏਪੁਰ ਅਤੇ ਵਿਜੇਵਾੜਾ ਵੀ ਸ਼ਾਮਲ ਹਨ। ਲਿੰਕਡਇਨ ਦੇ ਡੇਟਾ ਦੇ ਅਨੁਸਾਰ, 2022 ਦੀ ਸ਼ੁਰੂਆਤ ਤੋਂ ਹਰ ਉਪਲਬਧ ਨੌਕਰੀ ਲਈ ਅਰਜ਼ੀਆਂ ਦੀ ਗਿਣਤੀ ਚਾਰ ਗੁਣਾ ਤੋਂ ਵੱਧ ਹੋ ਗਈ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਨੌਕਰੀਆਂ ਦੇ ਬਾਜ਼ਾਰ ਵਿੱਚ ਮੁਕਾਬਲਾ ਵਧਦਾ ਜਾ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਭਰਦੇ ਸ਼ਹਿਰਾਂ ਕਾਰਨ ਹੁਣ ਵਰਕਰਾਂ ਨੂੰ ਆਪਣੇ ਘਰ ਦੇ ਨੇੜੇ ਹੀ ਕਈ ਤਰ੍ਹਾਂ ਦੀਆਂ ਇੰਡਸਟਰੀਆਂ, ਨੌਕਰੀਆਂ ਅਤੇ ਕਰੀਅਰ ਦੇ ਰਸਤੇ ਮਿਲ ਸਕਦੇ ਹਨ।
ਰਿਪੋਰਟ ਮੁਤਾਬਕ ਵਿਸ਼ਾਖਾਪਟਨਮ ਆਪਣੀ ਨਿਰਮਾਣ (ਮੈਨੂਫੈਕਚਰਿੰਗ), ਫਾਰਮਾਸਿਊਟੀਕਲ ਅਤੇ ਬੰਦਰਗਾਹ (ਪੋਰਟ) ਇੰਡਸਟਰੀਆਂ ਨੂੰ ਤਕਨਾਲੋਜੀ, ਡਾਟਾ ਸੈਂਟਰ ਅਤੇ ਮਨਸੂਈ ਬੌਧਿਕਤਾ (ਏ ਆਈ) ਵਿੱਚ ਵੱਡੇ ਨਿਵੇਸ਼ਾਂ ਨਾਲ ਜੋੜ ਰਿਹਾ ਹੈ। ਉੱਥੇ ਹੀ, ਲੁਧਿਆਣਾ ਆਪਣੇ ਨਿਰਮਾਣ ਦੇ ਆਧਾਰ ਤੋਂ ਇਲਾਵਾ ਸਟੀਲ, ਏਵੀਏਸ਼ਨ (ਹਵਾਬਾਜ਼ੀ) ਅਤੇ ਹੌਸਪਿਟੈਲਿਟੀ ਨੂੰ ਸ਼ਾਮਲ ਕਰਕੇ ਆਰਥਿਕਤਾ ਵਿੱਚ ਵਿਭਿੰਨਤਾ ਲਿਆ ਰਿਹਾ ਹੈ। ਇਸ ਤੋਂ ਇਲਾਵਾ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਲਾਰਸਨ ਐਂਡ ਟੂਬਰੋ, ਰਿਲਾਇੰਸ ਗਰੁੱਪ ਦੀਆਂ ਇਕਾਈਆਂ, ਐੱਚ.ਸੀ.ਐੱਲ. ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਕੌਨਸੈਂਟਿ੍ਰਕਸ ਸਮੇਤ ਕੰਪਨੀਆਂ ਇਨ੍ਹਾਂ ਸਥਾਨਕ ਰੁਜ਼ਗਾਰ ਬਾਜ਼ਾਰਾਂ ਦਾ ਵਿਸਤਾਰ ਕਰ ਰਹੀਆਂ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬਨਾਰਸ ਹਿੰਦੂ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਕੇ.ਐੱਲ. ਯੂਨੀਵਰਸਿਟੀ ਅਤੇ ਆਈ.ਆਈ.ਟੀ. (ਆਈ.ਐੱਸ.ਐੱਮ.) ਧਨਬਾਦ ਵਰਗੀਆਂ ਪ੍ਰਮੁੱਖ ਯੂਨੀਵਰਸਿਟੀਆਂ ਇਨ੍ਹਾਂ ਸ਼ਹਿਰਾਂ ਵਿੱਚ ਹੋਣਹਾਰ ਨੌਜਵਾਨਾਂ ਦੀ ਤਿਆਰੀ ਅਤੇ ਨੌਕਰੀ ਦੇ ਮੌਕਿਆਂ ਨੂੰ ਹੋਰ ਮਜ਼ਬੂਤ ਬਣਾ ਰਹੀਆਂ ਹਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










