ਭਾਰਤ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸਫਲ ਖਿਡਾਰਨਾਂ ਵਿੱਚ ਮੀਰਾਬਾਈ ਚਾਨੂ ਦਾ ਨਾਮ ਸਿਰਮੌਰ ਹੈ। ਉਨ੍ਹਾਂ ਨੇ ਆਪਣੀ ਅਸਾਧਾਰਣ ਮਿਹਨਤ, ਸਮਰਪਣ ਅਤੇ ਅਟੱਲ ਜਜ਼ਬੇ ਨਾਲ ਨਾ ਸਿਰਫ਼ ਵੇਟਲਿਫਟਿੰਗ ਦੀ ਦੁਨੀਆ ਵਿੱਚ ਆਪਣੀ ਖਾਸ ਪਹਿਚਾਣ ਬਣਾਈ, ਸਗੋਂ ਭਾਰਤ ਨੂੰ ਅੰਤਰਰਾਸ਼ਟਰੀ ਮੰਚ ’ਤੇ ਕਈ ਇਤਿਹਾਸਕ ਪਲ ਵੀ ਦਿੱਤੇ। ਮਣੀਪੁਰ ਦੀ ਇਸ ਜੰਮਪਲ ਖਿਡਾਰਨ ਨੇ ਇਹ ਸਾਬਤ ਕੀਤਾ ਹੈ ਕਿ ਸਹੀ ਦਿਸ਼ਾ, ਨਿਰੰਤਰ ਅਭਿਆਸ ਅਤੇ ਮਜ਼ਬੂਤ ਇਰਾਦਿਆਂ ਨਾਲ ਕੋਈ ਵੀ ਸਪਨਾ ਹਕੀਕਤ ਬਣਾਇਆ ਜਾ ਸਕਦਾ ਹੈ। ਅੱਜ ਉਹ ਦੇਸ਼ ਦੀਆਂ ਨੌਜਵਾਨ ਪੀੜ੍ਹੀਆਂ ਲਈ ਪ੍ਰੇਰਣਾ ਦਾ ਵੱਡਾ ਸਰੋਤ ਹਨ।
ਮੀਰਾਬਾਈ ਚਾਨੂ ਦਾ ਜਨਮ 8 ਅਗਸਤ 1994 ਨੂੰ ਮਣੀਪੁਰ ਵਿੱਚ ਹੋਇਆ। ਉਹ ਇੱਕ ਸਧਾਰਣ ਪਰਿਵਾਰ ਨਾਲ ਸੰਬੰਧਿਤ ਸਨ, ਜਿੱਥੇ ਸ਼ੁਰੂਆਤੀ ਦੌਰ ਵਿੱਚ ਖੇਡਾਂ ਲਈ ਸਹੂਲਤਾਂ ਬਹੁਤ ਸੀਮਿਤ ਸਨ। ਪਰ ਬਚਪਨ ਤੋਂ ਹੀ ਉਨ੍ਹਾਂ ਵਿੱਚ ਵਜ਼ਨ ਚੁੱਕਣ ਦੀ ਕੁਦਰਤੀ ਸਮਰੱਥਾ ਮੌਜੂਦ ਸੀ। ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਭਾਰੀ ਲੱਕੜਾਂ ਅਤੇ ਹੋਰ ਚੀਜ਼ਾਂ ਆਸਾਨੀ ਨਾਲ ਚੁੱਕ ਲੈਂਦੀ ਸੀ । ਇਹੀ ਕੁਦਰਤੀ ਤਾਕਤ ਉਨ੍ਹਾਂ ਦੇ ਭਵਿੱਖੀ ਵੇਟਲਿਫਟਿੰਗ ਕਰੀਅਰ ਦੀ ਨੀਂਹ ਬਣੀ। ਪਰ ਸਿਰਫ਼ ਤਾਕਤ ਹੀ ਕਾਫ਼ੀ ਨਹੀਂ ਸੀ; ਉਸ ਤਾਕਤ ਨੂੰ ਸਹੀ ਅਭਿਆਸ, ਤਕਨੀਕ ਅਤੇ ਅਨੁਸ਼ਾਸਨ ਦੇ ਨਾਲ ਇੱਕ ਖਿਡਾਰਨ ਵਜੋਂ ਨਿਖਾਰਨਾ ਸੀ, ਜੋ ਉਨ੍ਹਾਂ ਨੇ ਆਪਣੀ ਲਗਾਤਾਰ ਮਿਹਨਤ ਨਾਲ ਕੀਤਾ।
ਉਨ੍ਹਾਂ ਦਾ ਖੇਡ ਸਫਰ ਆਸਾਨ ਨਹੀਂ ਸੀ। ਇੱਕ ਛੋਟੇ ਇਲਾਕੇ ਤੋਂ ਆ ਕੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣਾ ਆਪਣੇ ਆਪ ਵਿੱਚ ਇਕ ਵੱਡੀ ਚੁਣੌਤੀ ਸੀ। ਪਰ ਮੀਰਾਬਾਈ ਚਾਨੂ ਨੇ ਕਦੇ ਹੌਸਲਾ ਨਹੀਂ ਹਾਰਿਆ। ਉਹ ਰੋਜ਼ਾਨਾ ਸਖ਼ਤ ਅਭਿਆਸ ਕਰਦੀ ਰਹੀ, ਆਪਣੀ ਫ਼ਿਟਨੈੱਸ, ਤਕਨੀਕ ਅਤੇ ਮਾਨਸਿਕ ਮਜ਼ਬੂਤੀ ’ਤੇ ਕੰਮ ਕਰਦੀ ਰਹੀ। ਉਨ੍ਹਾਂ ਦੀ ਇਹ ਲਗਨ ਹੀ ਸੀ ਜਿਸ ਨੇ ਉਨ੍ਹਾਂ ਨੂੰ ਦੁਨੀਆ ਦੀਆਂ ਸਰਵੋਤਮ ਵੇਟਲਿਫਟਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਉਨ੍ਹਾਂ ਦੀ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੰਘਰਸ਼ ਤੋਂ ਹੀ ਮਹਾਨਤਾ ਜੰਮਦੀ ਹੈ।
ਮੀਰਾਬਾਈ ਚਾਨੂ ਨੇ ਆਪਣੇ ਖੇਡ ਕਰੀਅਰ ਵਿੱਚ ਕਈ ਅਹਿਮ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਚਮਕ 2017 ਵਿੱਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਮੰਚ ’ਤੇ ਸਾਹਮਣੇ ਆਈ, ਜਿੱਥੇ ਉਨ੍ਹਾਂ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਇਹ ਸਿਰਫ਼ ਇੱਕ ਜਿੱਤ ਨਹੀਂ ਸੀ, ਸਗੋਂ ਲੰਮੇ ਸੰਘਰਸ਼, ਅਣਥੱਕ ਅਭਿਆਸ ਅਤੇ ਅਟੱਲ ਵਿਸ਼ਵਾਸ ਦੀ ਮੰਜਿਲ ਸੀ। ਇਸ ਜਿੱਤ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਵੇਟਲਿਫਟਿੰਗ ਵਿੱਚ ਇੱਕ ਮਜ਼ਬੂਤ ਪਛਾਣ ਦਿੱਤੀ ਅਤੇ ਭਾਰਤੀ ਖੇਡ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ।
ਉਨ੍ਹਾਂ ਦੀ ਸਭ ਤੋਂ ਯਾਦਗਾਰ ਉਪਲਬਧੀਆਂ ਵਿੱਚ 2021 ਟੋਕਿਓ ਓਲੰਪਿਕ ਦਾ ਚਾਂਦੀ ਤਮਗਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਉਸ ਓਲੰਪਿਕ ਵਿੱਚ ਉਨ੍ਹਾਂ ਨੇ 49 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਲਈ ਚਾਂਦੀ ਜਿੱਤੀ। ਇਹ ਭਾਰਤੀ ਵੇਟਲਿਫਟਿੰਗ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸੀ, ਕਿਉਂਕਿ ਉਨ੍ਹਾਂ ਨੇ ਓਲੰਪਿਕ ਮੰਚ ’ਤੇ ਆਪਣੇ ਦੇਸ਼ ਦੀ ਸ਼ਾਨ ਵਧਾਈ। ਇਸ ਪ੍ਰਾਪਤੀ ਨੇ ਉਨ੍ਹਾਂ ਨੂੰ ਦੇਸ਼–ਵਿਦੇਸ਼ ਵਿੱਚ ਹੋਰ ਵਧੇਰੇ ਮਾਣ ਅਤੇ ਸਨਮਾਨ ਦਿਵਾਇਆ।
ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਦਾ ਰਿਕਾਰਡ ਹੋਰ ਵੀ ਸ਼ਾਨਦਾਰ ਹੈ। ਉਨ੍ਹਾਂ ਨੇ 2014 ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਨੇ ਸੋਨ ਤਮਗਾ ਹਾਸਲ ਕੀਤਾ। 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਫਿਰ ਇੱਕ ਸੋਨ ਤਮਗਾ ਜਿੱਤਿਆ। ਇਹ ਲਗਾਤਾਰ ਸਫਲਤਾਵਾਂ ਇਹ ਦਰਸਾਉਂਦੀਆਂ ਹਨ ਕਿ ਉਨ੍ਹਾਂ ਦੀ ਤਿਆਰੀ ਕਿੰਨੀ ਮਜ਼ਬੂਤ ਹੈ ਅਤੇ ਉਹ ਦਬਾਅ ਵਿੱਚ ਵੀ ਕਿੰਨਾ ਵਧੀਆ ਪ੍ਰਦਰਸ਼ਨ ਕਰ ਸਕਦੀਆਂ ਹਨ।
2026 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਨੇ ਫਿਰ ਇੱਕ ਵਾਰੀ ਭਾਰਤ ਦਾ ਸਿਰ ਉੱਚਾ ਕਰ ਦਿੱਤਾ। ਉਨ੍ਹਾਂ ਨੇ 48 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਕਾਮਨਵੈਲਥ ਖੇਡਾਂ ਵਿੱਚ ਆਪਣੀ ਗੋਲਡਨ ਹੈਟ–ਟ੍ਰਿਕ ਪੂਰੀ ਕੀਤੀ। ਇਹ ਉਪਲਬਧੀ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਲਗਾਤਾਰ ਤਿੰਨ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨਾ ਜਿੱਤਣਾ ਸਿਰਫ਼ ਤਾਕਤ ਦਾ ਨਹੀਂ, ਸਗੋਂ ਸਥਿਰਤਾ, ਧੀਰਜ ਅਤੇ ਲੰਬੀ ਮਿਆਦ ਦੀ ਕਮਾਲ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਉਸ ਮੁਕਾਬਲੇ ਵਿੱਚ ਉਨ੍ਹਾਂ ਨੇ ਸਨੈਚ ਵਿੱਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 105 ਕਿਲੋਗ੍ਰਾਮ ਅਤੇ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ। ਇਹ ਪ੍ਰਦਰਸ਼ਨ ਸਿਰਫ਼ ਸੋਨ ਤਮਗੇ ਤੱਕ ਸੀਮਿਤ ਨਹੀਂ ਸੀ, ਸਗੋਂ ਕਾਮਨਵੈਲਥ ਖੇਡਾਂ ਦੇ ਕਈ ਰਿਕਾਰਡਾਂ ਨੂੰ ਵੀ ਤੋੜਨ ਵਾਲਾ ਸੀ।
ਮੀਰਾਬਾਈ ਚਾਨੂ ਦੀ ਕਾਮਯਾਬੀ ਦਾ ਇੱਕ ਹੋਰ ਵੱਡਾ ਪੱਖ ਇਹ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਖੇਡਾਂ ਵਿੱਚ ਨਾਮ ਕਮਾਇਆ, ਸਗੋਂ ਖੇਡ ਜਗਤ ਵਿੱਚ ਇੱਕ ਆਦਰਸ਼ ਚਿਹਰਾ ਵੀ ਬਣ ਗਈ । ਅੱਜਕੱਲ੍ਹ ਉਹ ਮਨੀਪੁਰ ਪੁਲਿਸ ਵਿੱਚ ਅਡੀਸ਼ਨਲ ਐਸਪੀ ਦੇ ਪਦ ’ਤੇ ਕੰਮ ਕਰ ਰਹੀ ਹੈ ਇਸਦੇ ਨਾਲ ਹੀ ਉਹ ਭਾਰਤੀ ਭਾਰਤੋਲਕ ਸੰਘ (IWLF) ਦੀ ਚੇਅਰਪਰਸਨ ਦੇ ਤੌਰ ਤੇ ਵੀ ਖਿਡਾਰੀਆ ਨੂੰ ਮੋਟੀਵੇਟ ਕਰ ਰਹੀ ਹੈ , ਜਿੱਥੇ ਉਹ ਖੇਡ ਪ੍ਰਸ਼ਾਸਨ ਨਾਲ ਜੁੜੀ ਜ਼ਿੰਮੇਵਾਰੀ ਵੀ ਨਿਭਾ ਰਹੀ ਹਨ। ਇਹ ਗੱਲ ਉਨ੍ਹਾਂ ਦੀ ਬਹੁਪੱਖੀ ਯੋਗਤਾ ਨੂੰ ਦਰਸਾਉਂਦੀ ਹੈ ਕਿ ਉਹ ਸਿਰਫ਼ ਮੈਦਾਨ ਦੀ ਹੀ ਨਹੀਂ, ਸਗੋਂ ਪ੍ਰਬੰਧਕੀ ਖੇਤਰ ਦੀ ਵੀ ਮਹੱਤਵਪੂਰਨ ਹਿੱਸਾ ਬਣ ਚੁੱਕੀਆਂ ਹਨ। ਇਸ ਤਰ੍ਹਾਂ ਉਹ ਨਵੀਂ ਪੀੜ੍ਹੀ ਲਈ ਇਹ ਸੁਨੇਹਾ ਦੇ ਰਹੀਆਂ ਹਨ ਕਿ ਖਿਡਾਰੀ ਸਿਰਫ਼ ਖੇਡਾਂ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਰਾਸ਼ਟਰ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ।
ਮੀਰਾਬਾਈ ਚਾਨੂ ਦੀ ਜ਼ਿੰਦਗੀ ਸਾਨੂੰ ਕਈ ਮਹੱਤਵਪੂਰਨ ਸਿੱਖਿਆਵਾਂ ਦਿੰਦੀ ਹੈ। ਸਭ ਤੋਂ ਪਹਿਲੀ ਸਿੱਖਿਆ ਇਹ ਹੈ ਕਿ ਸਫਲਤਾ ਲਈ ਪ੍ਰਤਿਭਾ ਜ਼ਰੂਰੀ ਹੈ, ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ ਮਿਹਨਤ ਅਤੇ ਲਗਾਤਾਰਤਾ। ਦੂਜੀ ਸਿੱਖਿਆ ਇਹ ਹੈ ਕਿ ਮੁਸ਼ਕਲ ਹਾਲਾਤ ਕਿਸੇ ਵੀ ਮਨੁੱਖ ਨੂੰ ਰੋਕ ਨਹੀਂ ਸਕਦੇ, ਜੇਕਰ ਉਸਦੇ ਅੰਦਰ ਅੱਗੇ ਵਧਣ ਦੀ ਸੱਚੀ ਇੱਛਾ ਹੋਵੇ। ਤੀਜੀ ਗੱਲ ਇਹ ਹੈ ਕਿ ਕਾਮਯਾਬੀ ਸਿਰਫ਼ ਆਪਣੇ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਦਾ ਕਾਰਨ ਬਣਦੀ ਹੈ। ਮੀਰਾਬਾਈ ਚਾਨੂ ਨੇ ਇਹ ਸਾਰੀਆਂ ਗੱਲਾਂ ਆਪਣੀ ਜ਼ਿੰਦਗੀ ਨਾਲ ਸਾਬਤ ਕੀਤੀਆਂ ਹਨ।
ਅੱਜ ਉਹ ਭਾਰਤੀ ਖੇਡ ਇਤਿਹਾਸ ਦੀਆਂ ਸਭ ਤੋਂ ਚਮਕਦਾਰ ਹਸਤੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਕਹਾਣੀ ਕਿਸੇ ਇਕ ਮੈਡਲ ਜਾਂ ਇੱਕ ਜਿੱਤ ਤੱਕ ਸੀਮਿਤ ਨਹੀਂ, ਸਗੋਂ ਇਹ ਇੱਕ ਐਸੀ ਯਾਤਰਾ ਹੈ ਜੋ ਸੰਘਰਸ਼ ਤੋਂ ਸਫਲਤਾ, ਆਮ ਜ਼ਿੰਦਗੀ ਤੋਂ ਅਸਾਧਾਰਣ ਉਚਾਈਆਂ, ਅਤੇ ਪ੍ਰਤਿਕੂਲਤਾਵਾਂ ਤੋਂ ਪ੍ਰੇਰਣਾ ਤੱਕ ਪਹੁੰਚਦੀ ਹੈ। ਮੀਰਾਬਾਈ ਚਾਨੂ ਦਾ ਨਾਮ ਸਦਾ ਲਈ ਭਾਰਤ ਦੀ ਖੇਡ–ਗੌਰਵ ਗਾਥਾ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਰਹੇਗਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










