ਪੰਜਾਬ ਵਿੱਚ ਉੱਤਰ ਕਾਟੋ ਮੈਂ ਚੜਾਂ ਦੀ ਵਾਰੀ ਹੀ ਨਹੀਂ ਪੁੱਗੀ ਸਗੋਂ ਇਸ ਵਾਰ ਤਾਂ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ‘ਚੋਂ ਹਾਲ ਦੀ ਘੜੀ ਬਾਹਰ ਦਿਸਣ ਲੱਗੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਲੱਖ ਦਿੱਕਤਾਂ ਹੋਣ ਦੇ ਬਾਵਜ਼ੂਦ ਆਪਣੀ ਪਰਫਾਰਮੈਂਸ ਦੇ ਸਿਰ ‘ਤੇ ਚੁਣੌਤੀ ਬਣ ਉੱਭਰ ਰਹੀ ਹੈ ਜਦ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਲਗਾਤਾਰ ਉੱਪਰ ਨੂੰ ਉਠ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੋ ਕਦਮ ਅੱਗੇ ਵਧਦੀ ਹੈ ਤਾਂ ਚਾਰ ਕਦਮ ਪਿੱਛੇ ਹੱਟਣਾ ਪੈ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿੱਚ ਆਪਣੀ ਦੂਜੀ ਪਾਰੀ ਖ਼ਤਮ ਕਰਨ ਤੋਂ ਪਹਿਲਾਂ ਹੀ ਸਿਆਸੀ ਹਾਸ਼ੀਏ ਤੋਂ ਬਾਹਰ ਹੋ ਗਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਬਦਕਿਸਮਤ ਘਟਨਾਵਾਂ ਤੋ ਪਿੱਛੋਂ ਇੱਕ ਤਰ੍ਹਾਂ ਲੋਕਾਂ ਦੇ ਮਨੋਂ ਹੀ ਉਤਰ ਗਿਆ। ਉਸ ਤੋਂ ਬਾਅਦ ਦੂਜਾ ਝਟਕਾ ਉਦੋਂ ਲੱਗਾ ਜਦੋਂ ਪਹਿਲੀ ਕਤਾਰ ਦੇ ਡੇਢ ਦਰਜਨ ਦੇ ਕਰੀਬ ਆਗੂ ਅੱਡ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸ਼ਰਨ ਵਿੱਚ ਜਾ ਪੁੱਜੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਕਰਕੇ ਤਨਖ਼ਾਹ ਲਾਈ ਗਈ। ਸੁਖਬੀਰ ਨੇ ਨਿਮਰਤਾ ਨਾਲ ਸਾਰੇ ਗੁਨਾਹ ਆਪਣੀ ਝੋਲੀ ਪਾਏ ਤਾਂ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਝੁਕਣ ਲੱਗ ਪਏ। ਉਸ ਤੋਂ ਬਾਅਦ ਜਦੋਂ ਉਸਨੇ ਤਨਖ਼ਾਹ ਪੂਰੀ ਕਰਨ ਦੀ ਥਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਪਿੱਠ ਕਰ ਲਈ ਤਾਂ ਉਹ ਰਹਿੰਦੇ ਖੰਹੂਦੇ ਵੀ ਲੋਕਾਂ ਦੇ ਦਿਲਾਂ ਤੋਂ ਦੂਰ ਹੋ ਗਏ। ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਤਾ ਨੂੰ ਹੱਥ ਮਾਰਨ ਲਈ ਅੱਕੀਂ ਪਲਾਹੀ ਹੱਥ ਨਹੀਂ ਮਾਰ ਰਿਹਾ ਪਰ ਨਾ ਜਾਣੇ ਸਮਾਂ ਵਫ਼ਾ ਨਹੀਂ ਕਰ ਰਿਹਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੀ ਰਸਤੇ ਤੋਂ ਭਟਕ ਚੁੱਕੇ ਹਨ।
ਕਾਂਗਰਸ ਦੀ ਗੱਲ ਕਰੀਏ ਤਾਂ ਕਈ ਚਿਰ ਪਹਿਲਾਂ ਖੱਖੜੀਆਂ ਕਰੇਲੇ ਹੋ ਗਈ ਸੀ। ਇੱਕ ਸਮਾਂ ਸੀ ਜਦੋਂ ਲੋਕ ਕਾਂਗਰਸ ਵੱਲ ਨੂੰ ਮੁੜ ਉਮੀਦ ਦੀ ਨਜ਼ਰ ਨਾਲ ਵੇਖਣ ਲੱਗੇ ਸਨ ਪਰ ਇਹਨਾਂ ਦੀ ਆਪਸੀ ਲੜਾਈ ਨਾਲ ਲੋਕਾਂ ਤੋਂ ਦੂਰੀ ਬਣਾ ਲਈ। ਪੰਜਾਬ ਕਾਂਗਰਸ ਦੇ ਦੋ ਧੜਿਆਂ ਵਿੱਚ ਜਿਵੇਂ ਡੂੰਘੀ ਲਕੀਰ ਖਿੱਚੀ ਗਈ ਹੈ ਸ਼ਾਇਦ ਇਸ ਤੋਂ ਪਹਿਲਾਂ ਕਦੇ ਵੀ ਇੰਨਾ ਪਾੜਾ ਨਹੀਂ ਸੀ ਪਿਆ। ਇਹ ਵੀ ਪਹਿਲੀ ਵਾਰ ਹੈ ਕਿ ਪੰਜਾਬ ਕਾਂਗਰਸ ਪਾਰਟੀ ਦੀ ਹਾਈ ਕਮਾਨ ਨਾਲ ਹੀ ਭਿੜਨ ਲੱਗੀ ਹੈ। ਪਾਰਟੀ ਹਾਈ ਕਮਾਨ ਸ਼ਾਇਦ ਪੰਜਾਬ ਪ੍ਰਦੇਸ਼ ਦੇ ਲੀਡਰਾਂ ਦੀ ਨਬਜ਼ ‘ਤੇ ਹੱਥ ਨਹੀਂ ਰੱਖ ਸਕੀ ਜਾਂ ਫਿਰ ਰਾਹੁਲ ਗਾਂਧੀ ਨੂੰ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਦੋਸਤੀ ਜ਼ਿਆਦਾ ਪਿਆਰੀ ਹੋ ਗਈ। ਕਾਂਗਰਸ ਹਾਈ ਕਮਾਨ ਨੇ ਦੋਹਾਂ ਧਿਰਾਂ ਨੂੰ ਨੇੜੇ ਕਰਨ ਲਈ ਛੇ ਮਹੀਨੇ ਦੀ ਕਵਾਇਦ ਚਲਾਈ। ਉਸ ਤੋਂ ਬਾਅਦ ਇੱਕ ਜੁਲਾਈ ਨੂੰ ਜਦੋਂ ਮੁੜ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਪ੍ਰਧਾਨ ਹੀ ਰਹਿਣ ਦਿੱਤਾ ਗਿਆ ਤਦ ਸਭ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਹੋਰ ਵੀ ਬਿਟਰ ਗਿਆ। ਚੰਨੀ ਧੜੇ ਨੇ ਹਾਈ ਕਮਾਂਡ ਦੇ ਨੁਮਾਇੰਦੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਕੋਲ ਸਪਸ਼ਟ ਕਰ ਦਿੱਤਾ ਸੀ ਕਿ ਉਹ ।ਵੜਿੰਗ ਨੂੰ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਹਨ। ਉਸ ਤੋਂ ਬਾਅਦ ਜਦੋਂ ਕਾਂਗਰਸ ਹਾਈ ਕਮਾਨ ਨੇ ਬਾਗ਼ੀ ਧੜੇ ਨੂੰ ਮੁੜ ਦਿੱਲੀ ਸੱਦਿਆ ਤਾਂ ਚਰਨਜੀਤ ਸਿੰਘ ਚੰਨੀ ਸਮੇਤ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਆਦਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂ ਗੋਪਾਲ ਅਤੇ ਭੁਪੇਸ਼ ਬਘੇਲ ਨਾਲ ਖਹਿਬੜ ਪਏ। ਪਤਾ ਲੱਗਾ ਹੈ ਕਿ ਦੋਨੋਂ ਧਿਰਾਂ ਨੇ ਇੱਕ ਦੂਜੇ ਨੂੰ ਖਰੀਆਂ ਖਰੀਆਂ ਸੁਣਾਈਆਂ। ਕਾਂਗਰਸ ਪਾਰਟੀ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੂਬੇ ਦੀ ਇਕਾਈ ਨੇ ਹਾਈ ਕਮਾਨ ਨੂੰ ਘੇਰਿਆ ਹੋਵੇ। ਹਾਈ ਕਮਾਨ ਤੇ ਪੰਜਾਬ ਦੇ ਚੰਨੀ ਧੜੇ ਦੀ ਆਖ਼ਰੀ ਮੀਟਿੰਗ ਵਿੱਚੋਂ ਦੋਵੇਂ ਧਿਰਾਂ ਤੜਿੰਗ ਹੋ ਕੇ ਬਾਹਰ ਆਈਆਂ ਸਨ।
ਉਸ ਤੋਂ ਬਾਅਦ ਜਦੋਂ ਬਰਨਾਲਾ ਵਿੱਚ ਕਾਂਗਰਸ ਦੇ ਇੱਕ ਦਰਜਨ ਦੇ ਕਰੀਬ ਵੱਡੇ ਲੀਡਰ ਚੰਨੀ ਦੀ ਅਗਵਾਈ ਵਿੱਚ ਬਰਨਾਲੇ ਸਫ਼ਾਈ ਕਰਮਚਾਰੀਆਂ ਦੇ ਅੰਦੋਲਨ ਦੀ ਹਮਾਇਤ ਲਈ ਪੁੱਜੇ ਤਾਂ ਪ੍ਰਤਾਪ ਸਿੰਘ ਬਾਜਵਾ ਵੀ ਨਾਲ ਆ ਰਲੇ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨਿਊਟਰਲ ਚਲਦੇ ਆ ਰਹੇ ਸਨ। ਦੂਜੇ ਬੰਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਉਸੇ ਦਿਨ ਜ਼ਿਲ੍ਹਾ ਪ੍ਰਧਾਨਾਂ ਨਾਲ ਆਨਲਾਈਨ ਮੀਟਿੰਗ ਕਰਦੇ ਹਨ। ਪਹਿਲੀ ਵਾਰ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ 80 ਦੇ ਕਰੀਬ ਮੂਹਰਲੀ ਕਤਾਰ ਲੀਡਰ ਪ੍ਰਧਾਨ ਅਤੇ ਕਾਂਗਰਸ ਹਾਈ ਕਮਾਨ ਦੇ ਖ਼ਿਲਾਫ਼ ਇੱਕ ਜੁੱਟ ਹੋ ਕੇ ਤੁਰੇ ਹਨ। ਸ਼ਾਇਦ ਇਹ ਵੀ ਪਹਿਲੀ ਵਾਰ ਹੈ ਕਿ ਹਾਈ ਕਮਾਂਡ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਇਹਨਾਂ ਲੀਡਰਾਂ ਨੂੰ ਤੋੜਨ ਦੇ ਯਤਨ ਸਿਰੇ ਨਹੀਂ ਚੜੇ ਹਨ।
ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਰਫਾਰਮੈਂਸ ਬਿਹਤਰ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਝ ਮਹੀਨੇ ਰਹਿ ਗਏ ਹਨ। ਭਾਜਪਾ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਕਾਹਲੀ ਹੈ। ਭਾਜਪਾ ਪੰਜਾਬ ਉੱਤੇ ਕਬਜ਼ਾ ਤਾਂ ਕਰਨਾ ਚਾਹੁੰਦੀ ਹੈ ਪਰ ਸਿੱਖਾਂ ਅਤੇ ਕਿਸਾਨਾਂ ਦੀ ਨਰਾਜ਼ਗੀ ਦੇ ਚੱਲਦਿਆਂ ਪੈਰ ਨਹੀਂ ਲੱਗ ਰਹੇ ਹਨ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਪਾਰਟੀ ਵਿੱਚ ਰੰਗ ਨਹੀਂ ਭਰ ਸਕੇ ਹਨ। ਉਹਨਾਂ ਦੀ ਦੌੜ ਅਖ਼ਬਾਰੀ ਬਿਆਨਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕਹਿਣਾ ਤਾਂ ਇਹ ਵੀ ਬਣਦਾ ਹੈ ਕਿ ਕਾਂਗਰਸ ਦੇ ਵੱਡੇ ਵੱਡੇ ਲੀਡਰ ਜਿਹੜੇ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਉਹ ਵੀ ਪਾਰਟੀ ਨੂੰ ਉੱਪਰ ਚੁੱਕਣ ਲਈ ਕੁਝ ਵੱਖਰਾ ਨਹੀਂ ਕਰ ਸਕੇ ਹਨ। ਕਈ ਅਜਿਹੇ ਤਾਂ ਵਾਪਸ ਮੁੜ ਗਏ ਜਿਹੜੇ ਭਾਜਪਾ ਦੇ ਰੰਗ ਵਿੱਚ ਰੰਗੇ ਨਹੀਂ ਜਾ ਸਕੇ ਹਨ। ਭਾਜਪਾ ਹਾਈ ਕਮਾਨ ਪਾਰਟੀ ਵਿੱਚ ਸ਼ਾਮਿਲ ਹੋਏ ਵੱਡੇ ਚਿਹਰਿਆਂ ਅਤੇ ਟਕਸਾਲੀ ਭਾਜਪਾ ਜਾਂ ਦਰਮਿਆਨ ਸੰਤੁਲਨ ਬਣਾ ਕੇ ਤਾਂ ਰੱਖ ਰਹੀ ਹੈ ਪਰ ਗੱਲ ਬਣ ਨਹੀਂ ਰਹੀ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਰਾਜ ਸਭਾ ਦੀ ਮੈਂਬਰੀ ਦੇਣੀ ਅਤੇ ਟਕਸਾਲੀ ਭਾਜਪਾ ਸਿੱਖ ਨੇਤਾ ਹਰਜੀਤ ਸਿੰਘ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਉਣਾ ਇਸੇ ਕੜੀ ਵਿੱਚ ਦੇਖਿਆ ਜਾ ਸਕਦਾ ਹੈ। ਭਾਜਪਾ ਨੂੰ ਲੜਾਈ ਦੇਣ ਲਈ ਬੜਾ ਕੁਝ ਕਰਨਾ ਪਵੇਗਾ। ਉੰਝ ਭਾਜਪਾ ਨੂੰ ਮਨਫੀ ਕਰਕੇ ਵੀ ਨਹੀਂ ਦੇਖਿਆ ਜਾ ਸਕਦਾ ਹੈ।
ਅਕਾਲੀ ਦਲ ਵਾਰਿਸ ਪੰਜਾਬ ਦੇ ਲਗਾਤਾਰ ਕੰਮ ਕਰ ਰਹੀ ਹੈ। ਲੋਕਾਂ ਦਾ ਹੁੰਗਾਰਾ ਵੀ ਮਿਲਿਆ। ਪਾਰਟੀ ਦੇ ਬਾਨੀ ਪ੍ਰਧਾਨ ਭਾਈ ਅੰਮ੍ਰਿਤ ਪਾਲ ਸਿੰਘ ਸਿਆਸਤ ਵਿੱਚ ਤੇਜ਼ੀ ਨਾਲ ਅੱਗੇ ਵਧੇ ਪਰ ਹੇਠਾਂ ਵੀ ਛੇਤੀਂ ਹੀ ਆਏ। ਉਹਨਾਂ ਨੂੰ ਐਨਐਸਏ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਬਾਵਜੂਦੂ ਕਿਸੇ ਦੇ ਉਹ ਰਿਕਾਰਡ ਵੋਟਾਂ ਨਾਲ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿੱਤ ਗਏ ਸਨ। ਉਹਨਾਂ ਦੇ ਨਾਲ ਹੀ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦਾ ਵੀ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਦਾ ਭਰ ਗਿਆ ਸੀ। ਵੱਡੀ ਗਿਣਤੀ ਵਿੱਚ ਨੌਜਵਾਨੀ ਅਤੇ ਮਾਝਾ ਵਿੱਚ ਪਾਰਟੀ ਦਾ ਚੰਗਾ ਪ੍ਰਭਾਵ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪਹਿਲੀ ਕਤਾਰ ਦੇ ਅੱਧੇ ਤੋਂ ਵੱਧ ਲੀਡਰਾਂ ਵੱਲੋਂ ਪਾਰਟੀ ਦਾ ਹੱਥ ਫੜਨ ਨਾਲ ਵੱਡਾ ਹੁੰਗਾਰਾ ਮਿਲਿਆ ਹੈ। ਚਰਚਾ ਹੈ ਕਿ ਪਾਰਟੀ ਵੱਲੋਂ ਵਿਧਾਨ ਸਭਾ ਦੀਆਂ 69 ਸੀਟਾਂ ਉੱਤੇ ਬਹੁਮਤ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।। ਇਸ ਤੋਂ ਬਿਨਾਂ ਚੋਣਾਂ ਲਈ 32 ਉਮੀਦਵਾਰ ਫਾਈਨਲ ਕੀਤੇ ਜਾ ਚੁੱਕੇ ਹਨ। ਦੂਜੀਆਂ ਪਾਰਟੀਆਂ ਦੇ ਦਰਜਨਾਂ ਲੀਡਰ ਇਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਗਰਮੀ ਖ਼ਿਆਲੀ ਮੰਨਿਆ ਜਾ ਰਿਹਾ ਸੀ। ਪਾਰਟੀ ਦੇ ਸੀਨੀਅਰ ਲੀਡਰ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪਾਰਟੀ ਨੂੰ ਪੰਥਕ ਸੋਚ ਨਾਲ ਅੱਗੇ ਵਧਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਅੱਗੇ ਪਾਰਟੀ ਦੋਹਾਂ ਨੂੰ ਆਪਣੇ ਦਮ ‘ਤੇ ਧੂਈ ਫਿਰਦੇ ਹਨ। ਸਰਕਾਰ ਦੀ ਪਰਫਾਰਮੈਂਸ ਦੇ ਪੱਖ ਤੋਂ ਜ਼ਿਆਦਾ ਊਣ ਨਹੀਂ ਹੈ। ਉਹ ਜਿੱਥੇ ਆਪਣੇ ਭਾਸ਼ਣ ਵਿੱਚ ਮਿੱਠੀਆਂ ਮਿਰਚਾਂ ਵੇਚ ਜਾਂਦੇ ਹਨ ਉੱਥੇ ਉਹਨਾਂ ਦੀ ਦਿਆਨਤਦਾਰੀ ਲਈ ਝਲਕਦੀ ਹੈ। ਸਰਕਾਰ ਗਰੰਟੀਆਂ ਪੂਰੀਆਂ ਕਰਨ ਸਮੇਤ 300 ਯੂਨਿਟ ਮੁਫ਼ਤ ਬਿਜਲੀ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਿਰ ‘ਤੇ ਚੋਣ ਮੈਦਾਨ ਵਿੱਚ ਆਪਣੀ ਸਥਿਤੀ ਮਜ਼ਬੂਤ ਸਮਝਦੀ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੀਤੀ ਜਾਂਦੀ ਨਿੱਤ ਕੁਟਾਈ ਅਤੇ ਕਰਮਚਾਰੀਆਂ ਨੂੰ ਡੀਏ ਦੇਣ ਵਿੱਚ ਕੀਤੀ ਜਾ ਰਹੀ ਟੋਲ ਮਟੋਲ ਮਹਿੰਗੀ ਪੈ ਸਕਦੀ ਹੈ। ਸਰਕਾਰ ਅਗਲੇ ਦਿਨ ਹੀ ਬੜਾ ਕੁਝ ਲੋਕਾਂ ਦੇ ਹੱਕ ਵਿੱਚ ਕਰਨ ਦੀ ਧਾਰੀ ਬੈਠੀ ਹੈ।
ਚੋਣਾਂ ਵਿੱਚ ਭਾਵੇਂ ਕੁਝ ਮਹੀਨੇ ਹੀ ਰਹਿ ਗਏ ਹਨ ਪਰ ਸਮੇਂ ਦੇ ਕਰਵਟ ਲੈਂਦਿਆ ਪਤਾ ਨਹੀਂ ਲੱਗਦਾ ਹੈ। ਸਿਆਸਤ ਵਿੱਚ ਤਿਲਕਣਬਾਜ਼ੀ। ਹਾਲ ਦੀ ਘੜੀ ਹਾਲਾਤਾਂ ਤੇ ਪਰਫਾਰਮੈਂਸ ਦੀ ਚੀਰ ਫਾੜ ਕਰੀਏ ਤਾਂ ਦੋਵੇਂ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੂਜੀਆਂ ਧਿਰਾਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਲਾਂਭੇ ਦਿਸ ਰਹੀਆਂ ਹਨ। ਚਰਚਾ ਤਾਂ ਲੰਗੜੀ ਵਿਧਾਨ ਸਭਾ ਦੀ ਵੀ ਸੁਣਨ ਨੂੰ ਮਿਲਦੀ ਹੈ ਪਰ ਪੰਜਾਬੀ ਲਕੀਰ ਖਿੱਚ ਕੇ ਤੁਰਦੇ ਹਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










