ਨਵੀਂ ਦਿੱਲੀ 29 ਜੁਲਾਈ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮਪੁਰਾ ਵਿਖੇ ਅਕਾਦਮਿਕ ਸੈਸ਼ਨ 2026–27 ਦੇ ਓਰੀਐਂਟੇਸ਼ਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਰਦਾਰ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇਸ਼ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਨੇ ਆਪਣੀ ਉੱਚ ਪੱਧਰੀ ਸਿੱਖਿਆ, ਅਕਾਦਮਿਕ ਉੱਤਮਤਾ ਅਤੇ ਸ਼ਾਨਦਾਰ ਰੈਂਕਿੰਗ ਦੇ ਆਧਾਰ ‘ਤੇ ਰਾਸ਼ਟਰੀ ਪੱਧਰ ‘ਤੇ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਕੇਵਲ ਗਿਆਨ ਹੀ ਨਹੀਂ, ਸਗੋਂ ਚੰਗੇ ਸੰਸਕਾਰ, ਅਨੁਸ਼ਾਸਨ, ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀ ਹੈ।

ਉਨ੍ਹਾਂ ਨਵੇਂ ਦਾਖਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪੂਰੀ ਲਗਨ, ਮਿਹਨਤ ਅਤੇ ਸਮਰਪਣ ਨਾਲ ਸਿੱਖਿਆ ਹਾਸਲ ਕਰਨ, ਉੱਚੇ ਨੈਤਿਕ ਮੁੱਲਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਅਤੇ ਆਪਣੇ ਮਾਪਿਆਂ, ਅਧਿਆਪਕਾਂ, ਵਿਦਿਅਕ ਸੰਸਥਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।

ਸਰਦਾਰ ਕਾਲਕਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਦੇ ਇਹ ਨੌਜਵਾਨ ਵਿਦਿਆਰਥੀ ਹੀ ਭਲਕੇ ਦੇ ਭਾਰਤ ਦੀ ਤਰੱਕੀ, ਸਮਾਜਿਕ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੇ ਅਸਲ ਸਿਰਜਣਹਾਰ ਬਣਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਕੇਵਲ ਡਿਗਰੀ ਪ੍ਰਾਪਤ ਕਰਨਾ ਨਹੀਂ, ਸਗੋਂ ਇੱਕ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਚਰਿੱਤਰਵਾਨ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ।

ਇਸ ਮੌਕੇ ਉਨ੍ਹਾਂ ਨੇ ਆਪਣੇ ਅਕਾਦਮਿਕ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਹੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਨੂੰ ਲਗਨ, ਅਨੁਸ਼ਾਸਨ ਅਤੇ ਉੱਚੇ ਜੀਵਨ ਮੁੱਲਾਂ ਨਾਲ ਅੱਗੇ ਵਧਣ ਦਾ ਪ੍ਰੇਰਨਾਦਾਇਕ ਸੰਦੇਸ਼ ਦਿੱਤਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










