ਚੰਡੀਗੜ੍ਹ, 30 ਜੁਲਾਈ : ਚੰਡੀਗੜ੍ਹ ਦੇ ਸੈਕਟਰ 49 ਥਾਣੇ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ 29 ਜੁਲਾਈ 2026 ਨੂੰ ਸੈਕਟਰ 50/51/44/45 ਚੌਂਕ ’ਤੇ ਬਿਨਾਂ ਮਨਜ਼ੂਰੀ ਤੋਂ ਕੀਤੇ ਗਏ ਮਾਰਚ, ਪੁਲਿਸ ਨਾਲ ਝੜਪ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਪੁਲਿਸ ਅਨੁਸਾਰ 29 ਜੁਲਾਈ ਨੂੰ ਦੁਪਹਿਰ 1 ਵਜੇ ਦੇ ਕਰੀਬ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਨਾਲ ਸਬੰਧਤ ਕਰੀਬ 2500 ਤੋਂ 3000 ਵਰਕਰ ਮੁੱਖ ਸੜਕ ’ਤੇ ਇਕੱਠੇ ਹੋਏ ਸਨ। ਪ੍ਰਦਰਸ਼ਨਕਾਰੀ ਹੱਥਾਂ ਵਿੱਚ ਤਲਵਾਰਾਂ, ਫਰਸੇ, ਕੁਹਾੜੀਆਂ, ਨੇਜ਼ੇ ਅਤੇ
ਪੋਸਟਰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਉਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਕਰ ਰਹੇ ਸਨ। ਮੌਕੇ ’ਤੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਲਾਕੇ ਵਿੱਚ ਧਾਰਾ 163 (ਬੀ.ਐਨ.ਐਸ.ਐਸ.) ਲਾਗੂ ਹੈ ਅਤੇ ਬਿਨਾਂ ਮਨਜ਼ੂਰੀ ਦੇ ਪ੍ਰਦਰਸ਼ਨ ਗੈਰ-ਕਾਨੂੰਨੀ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੈਕਟਰ 25 ਦੇ ਰੈਲੀ ਗ੍ਰਾਊਂਡ ਵਿੱਚ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਪੁਲਿਸ ਦੇ ਮੁਤਾਬਕ, ਸਮਝਾਉਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਤੈਸ਼ ਵਿੱਚ ਆ ਗਏ ਅਤੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ। ਡਿਊਟੀ ਮੈਜਿਸਟ੍ਰੇਟ ਦੀ ਮਨਜ਼ੂਰੀ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਵਾਟਰ ਕੈਨਨ (ਪਾਣੀ ਦੀਆਂ ਬੁਛਾੜਾਂ) ਅਤੇ ਹਲਕੇ ਬਲ ਦੀ ਵਰਤੋਂ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਾਟਰ ਕੈਨਨ ਦੀ ਗੱਡੀ ’ਤੇ ਚੜ੍ਹ ਕੇ ਉਸ ਦੀ ਨੋਜ਼ਲ ਦੀ ਤੋੜ-ਫੋੜ ਕੀਤੀ। ਇਸ ਹਮਲੇ ਵਿੱਚ ਵਾਟਰ ਕੈਨਨ ਦਾ ਡਰਾਈਵਰ ਏ.ਐਸ.ਆਈ. ਗੁਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਜੀ.ਐਮ.ਐਸ.ਐਚ. ਸੈਕਟਰ 16 ਲਿਜਾਇਆ ਗਿਆ। ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਿਸ ਵੱਲੋਂ ਦਰਜ ਐੱਫ.ਆਈ.ਆਰ. ਵਿੱਚ ਲਗਭਗ 15 ਪ੍ਰਮੁੱਖ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ: ਮਨਪ੍ਰੀਤ ਸਿੰਘ ਇਯਾਲੀ (ਵਿਧਾਇਕ), ਸਤਿੰਦਰਜੀਤ ਸਿੰਘ ਗਿੱਲ, ਕਬਲ ਸਿੰਘ ਭੁੱਲਰ, ਜਗਦੀਪ ਸਿੰਘ ਕੰਸਾਲਾ, ਇਕਬਾਲ ਸਿੰਘ ਸੰਧੂ , ਪਰਮਜੀਤ ਸਿੰਘ ਜੋਹਲ, ਅਜੈਬ ਸਿੰਘ ਮਖਮੈਲਪੁਰ (ਸਾਬਕਾ ਵਿਧਾਇਕ), ਚਮਕੌਰ ਸਿੰਘ ਧੁੰਨ, ਇਮਾਨ ਸਿੰਘ ਖ਼ਾਰਾ (ਐਡਵੋਕੇਟ), ਜਸਵਿੰਦਰ ਸਿੰਘ ਦ੍ਰੋਲੀ, ਇਕਬਾਲ ਸਿੰਘ ਝੂੰਦਾ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ, ਲਖਵੀਰ ਸਿੰਘ ਲੱਖਾ ਦਾ ਨਾਮ ਸ਼ਾਮਲ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਸੈਕਟਰ 49 ਥਾਣੇ ’ਚ ਭਾਰਤੀ ਨਿਆਇ ਸੰਹਿਤਾ (ਬੀ.ਐਨ.ਐਸ.), 2023 ਦੀਆਂ ਧਾਰਾਵਾਂ 121(1), 132 ਅਤੇ 223 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










