*ਰੂਸ-ਯੂਕਰੇਨ ਜੰਗ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਰੂਸੀ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿਵਾਉਣ ਲਈ ਕੇਂਦਰ ਕਰੇ ਪਹਿਲ – ਸੰਤ ਸੀਚੇਵਾਲ*
ਨਵੀਂ ਦਿੱਲੀ/ਚੰਡੀਗੜ੍ਹ, 4 ਅਗਸਤ:
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੂਸ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਜੰਗ ਵਿੱਚ ਲਾਪਤਾ ਨੌਜਵਾਨਾਂ ਦੀ ਭਾਲ ਅਤੇ ਜੰਗ ਦੌਰਾਨ ਜਾਨਾਂ ਗੁਆ ਚੁੱਕੇ ਭਾਰਤੀਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਤੁਰੰਤ ਕੂਟਨੀਤਿਕ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਇਸ ਮੁੱਦੇ ਨੂੰ ਉਹ ਲੰਬੇ ਸਮੇਂ ਤੋਂ ਸੰਸਦ ਵਿੱਚ ਲਗਾਤਾਰ ਉਠਾਉਂਦੇ ਆ ਰਹੇ ਹਨ ਅਤੇ ਜ਼ੀਰੋ ਹਵਰ ਦੌਰਾਨ ਵੀ ਇਸ ਬਾਰੇ ਆਵਾਜ਼ ਬੁਲੰਦ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਭਾਰਤ ਸਰਕਾਰ ਨੇ ਰੂਸ ਨਾਲ ਇਸ ਮਾਮਲੇ ‘ਤੇ ਗੱਲਬਾਤ ਕੀਤੀ ਹੈ, ਫਿਰ ਵੀ ਕਈ ਭਾਰਤੀ ਨੌਜਵਾਨ ਅਜੇ ਵੀ ਉੱਥੇ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮਾਨਸੂਨ ਸੈਸ਼ਨ ਦੌਰਾਨ ਵੀ ਉਹ ਇਹ ਮੁੱਦਾ ਉਠਾਉਣਾ ਚਾਹੁੰਦੇ ਸਨ, ਪਰ ਸੰਸਦ ਦੀ ਕਾਰਵਾਈ ਪ੍ਰਭਾਵਿਤ ਰਹਿਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਉਨ੍ਹਾਂ ਕੋਲ ਰੂਸ ਵਿੱਚ ਫਸੇ ਜਾਂ ਪ੍ਰਭਾਵਿਤ 10 ਭਾਰਤੀ ਨੌਜਵਾਨਾਂ ਦੇ ਮਾਮਲੇ ਹਨ। ਇਨ੍ਹਾਂ ਵਿੱਚ ਕੁਝ ਨੌਜਵਾਨ ਉੱਥੇ ਫਸੇ ਹੋਏ ਹਨ, ਕੁਝ ਲਾਪਤਾ ਹਨ ਅਤੇ ਕੁਝ ਜੰਗ ਦੌਰਾਨ ਜਾਨਾਂ ਗੁਆ ਚੁੱਕੇ ਹਨ। ਸੰਤ ਸੀਚੇਵਾਲ ਨੇ ਮਹਿਕਪ੍ਰੀਤ ਸਿੰਘ ਦੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਟੱਡੀ ਵੀਜ਼ੇ ‘ਤੇ ਰੂਸ ਗਿਆ ਸੀ ਅਤੇ ਇਸ ਵੇਲੇ ਹਿਰਾਸਤ ਵਿੱਚ ਹੈ। ਪਰਿਵਾਰ ਵੱਲੋਂ ਅਦਾਲਤ ਦਾ ਜੁਰਮਾਨਾ ਅਦਾ ਕਰਨ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ।
ਉਨ੍ਹਾਂ ਗਗਨਦੀਪ ਸਿੰਘ ਦਾ ਮਾਮਲਾ ਵੀ ਉਠਾਇਆ, ਜੋ ਰੂਸੀ ਫੌਜ ਵਿੱਚ ਰਹਿੰਦਿਆਂ ਯੂਕਰੇਨ ਜੰਗ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ, ਹਰਵਿੰਦਰ ਸਿੰਘ ਅਤੇ ਜਗਰੂਪ ਸਿੰਘ ਲੰਬੇ ਸਮੇਂ ਤੋਂ ਰੂਸੀ ਆਰਮੀ ਵਿੱਚ ਲਾਪਤਾ ਹਨ। ਕੇਂਦਰ ਸਰਕਾਰ ਰੂਸੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਭਾਲ ਕਰਵਾਏ ਅਤੇ ਪਰਿਵਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਏ।
ਉਨ੍ਹਾਂ ਅੰਮ੍ਰਿਤਸਰ ਦੇ ਹੀਰਾ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ਮ੍ਰਿਤਕ ਦੇਹ ਅਜੇ ਤੱਕ ਭਾਰਤ ਨਹੀਂ ਪਹੁੰਚ ਸਕੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮ੍ਰਿਤਕ ਦੇਹ ਭਾਰਤ ਲਿਆਉਣ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤੁਰੰਤ ਕਦਮ ਚੁੱਕੇ। ਉਨ੍ਹਾਂ ਇਹ ਵੀ ਕਿਹਾ ਕਿ ਰੂਸ-ਯੂਕਰੇਨ ਜੰਗ ਵਿੱਚ ਮਾਰੇ ਗਏ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਰੂਸੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਬਣਦਾ ਮੁਆਵਜ਼ਾ ਦਿਵਾਉਣ ਲਈ ਕੇਂਦਰ ਸਰਕਾਰ ਪਹਿਲ ਕਰੇ।
ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਅਤੇ ਗੈਰ-ਕਾਨੂੰਨੀ ਏਜੰਟਾਂ ਦੇ ਜਾਲ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਕਈ ਏਜੰਟ ਨੌਜਵਾਨਾਂ ਦੀ ਕਮਾਈ ਅਤੇ ਬੈਂਕ ਖਾਤਿਆਂ ‘ਤੇ ਵੀ ਕਬਜ਼ਾ ਕਰ ਲੈਂਦੇ ਹਨ, ਜਦਕਿ ਪਿੱਛੇ ਉਨ੍ਹਾਂ ਦੇ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਅਵਿਨਾਸ਼ ਕੁਮਾਰ, ਵਿਸ਼ਾਲ ਸਿੰਘ, ਰਣਜੀਤ ਸਿੰਘ, ਰਮਨਜੀਤ ਸਿੰਘ ਅਤੇ ਸਿਕੰਦਰ ਸਿੰਘ ਸਮੇਤ ਹੋਰ ਕਈ ਭਾਰਤੀ ਨੌਜਵਾਨ ਵੀ ਰੂਸ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰ ਲਗਾਤਾਰ ਚਿੰਤਾ ਅਤੇ ਅਨਿਸ਼ਚਿਤਤਾ ਵਿੱਚ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲਾ ਤੁਰੰਤ ਪ੍ਰਭਾਵਸ਼ਾਲੀ ਦਖ਼ਲ ਦੇ ਕੇ ਸਾਰੇ ਨੌਜਵਾਨਾਂ ਦੀ ਸੁਰੱਖਿਆ ਅਤੇ ਵਤਨ ਵਾਪਸੀ ਯਕੀਨੀ ਬਣਾਉਣ।
*ਬਾਕਸ ਆਈਟਮ : ਕਾਨੂੰਨੀ ਪੇਚਾਂ ਵਿੱਚ ਫਸਾ ਕੇ ਜਬਰਨ ਫੌਜ ਵਿੱਚ ਭਰਤੀ ਕਰਨ ਦੇ ਦਾਅਵਾ*
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕੁਝ ਪ੍ਰਭਾਵਿਤ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਰੂਸ ਵਿੱਚ ਕੁੱਝ ਭਾਰਤੀ ਨੌਜਵਾਨਾਂ ਨੂੰ ਜਾਣ-ਬੁੱਝ ਕੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਪੇਚਾਂ ਵਿੱਚ ਫਸਾ ਦਿੱਤਾ ਜਾਂਦਾ ਹੈ। ਬਾਅਦ ਵਿੱਚ ਉਨ੍ਹਾਂ ਨੂੰ ਹਿਰਾਸਤ ਜਾਂ ਹੋਰ ਦਬਾਅ ਹੇਠ ਰੱਖ ਕੇ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਰੂਸੀ ਅਧਿਕਾਰੀਆਂ ਨਾਲ ਇਹ ਮਾਮਲਾ ਪੂਰੀ ਗੰਭੀਰਤਾ ਨਾਲ ਉਠਾ ਕੇ ਨਿਰਪੱਖ ਜਾਂਚ ਕਰਵਾਈ ਜਾਵੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










