ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਨੇ ਕੀਤਾ ਪਰਿਵਾਰ ਦਾ ਸਨਮਾਨ
ਨਵੀਂ ਦਿੱਲੀ, 4 ਅਗਸਤ: ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਰਸੋਈ ਵਿਚ ਲੰਗਰ ਦੀ ਸੇਵਾ ਵਾਸਤੇ ਨਵੀਂਆਂ ਮਸ਼ੀਨਾਂ ਲਾਉਣ ਲਈ ਉੱਘੇ ਸਮਾਜ ਸੇਵੀ ਸਰਦਾਰ ਸੁਰਿੰਦਰਪਾਲ ਸਿੰਘ ਸਲੂਜਾ ਤੇ ਉਹਨਾਂ ਦੇ ਪਰਿਵਾਰ ਨੇ ਇਕ ਕਰੋੜ ਰੁਪਏ ਦਾ ਚੈਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ।
ਸਰਦਾਰ ਸਲੂਜਾ ਤੇ ਪਰਿਵਾਰ ਨੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੂੰ ਇਹ ਚੈੱਕ ਸੌਂਪਿਆ। ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਵੱਲੋਂ ਸਲੂਜਾ ਪਰਿਵਾਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਤੋਂ ਪ੍ਰਭਾਵਤ ਹੋ ਕੇ ਸਲੂਜਾ ਪਰਿਵਾਰ ਨੇ ਇੰਨੀ ਵੱਡੀ ਰਾਸ਼ੀ ਦਾ ਚੈਕ ਕਮੇਟੀ ਨੂੰ ਸੌਂਪਿਆ ਹੈ ਜਿਸ ਵਾਸਤੇ ਉਹ ਸਲੂਜਾ ਪਰਿਵਾਰ ਦੇ ਧੰਨਵਾਦੀ ਹਨ ਜਿਸਦੀ ਬਦੌਲਤ ਸਾਨੂੰ ਆਪਣੀ ਸੇਵਾ ਦੇ ਮਿਸ਼ਨ ਨੂੰ ਹੋਰ ਅੱਗੇ ਲਿਜਾਣ ਵਿਚ ਹੋਰ ਹੱਲਾਸ਼ੇਰੀ ਮਿਲੇਗੀ।
ਉਹਨਾਂ ਕਿਹਾ ਕਿ ਦਿੱਲੀ ਸਮੇਤ ਸਮੁੱਚੀ ਦੁਨੀਆਂ ਵਿਚ ਬੈਠੀ ਸੰਗਤ ਵੇਖ ਰਹੀ ਹੈ ਕਿ ਕਿਵੇਂ ਕਮੇਟੀ ਦੀ ਮੌਜੂਦਾ ਟੀਮ ਨੇ ਨਾ ਸਿਰਫ ਗੁਰਦੁਆਰਾ ਪ੍ਰਬੰਧਾਂ ਵਿਚ ਪਾਰਦਰਸ਼ਤਾ ਲਿਆਂਦੀ ਹੈ ਬਲਕਿ ਮੈਡੀਕਲ ਤੇ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਦਾ ਲਾਮਿਸਾਲ ਵਿਸਥਾਰ ਕੀਤਾ ਹੈ। ਅੱਜ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਤਹਿਤ ਲੋਕਾਂ ਨੂੰ ਸਿਰਫ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ, ਸਿਰਫ 7 ਹਜ਼ਾਰ ਰੁਪਏ ਵਿਚ ਪੈਟ ਸਕੈਨ ਦੀ ਸਹੂਲਤ, ਬਾਲਾ ਸਾਹਿਬ ਹਸਪਤਾਲ ਵਿਚ ਡਾਇਲਸਿਸ ਮੁਫਤ ਕਰਵਾਉਣ ਦੀ ਸਹੂਲਤ, ਬਾਲਾ ਸਾਹਿਬ ਹਸਪਤਾਲ ਵਿਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵਾਸਤੇ ਚੰਗੇ ਮਾਹਿਰ ਡਾਕਟਰਾਂ ਵੱਲੋਂ ਇਲਾਜ ਦੀ ਸਹੂਲਤ ਅਤੇ ਬਾਲਾ ਪ੍ਰੀਤਮ ਦਵਾਖਾਨਿਆਂ ਰਾਹੀਂ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਸਸਤੀਆਂ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ।
ਉਹਨਾਂ ਕਿਹਾ ਕਿ ਇਸੇ ਤਰੀਕੇ ਅਸੀਂ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਦੀ ਸਮੁੱਚੀ ਟਿਊਸ਼ਨ ਫੀਸ ਦਾ ਖਰਚਾ ਚੁੱਕ ਰਹੇ ਹਾਂ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਹੋਰ ਪੰਥਕ ਅਦਾਰਿਆਂ ਜਿਹਨਾਂ ਵਿਚ ਵੱਖ-ਵੱਖ ਕਾਲਜ ਤੇ ਹੋਰ ਵਿਦਿਅਕ ਅਦਾਰੇ ਸ਼ਾਮਲ ਹਨ, ਰਾਹੀਂ ਨੌਜਵਾਨਾਂ ਦਾ ਭਵਿੱਖ ਬਣਾਉਣ ਵਾਸਤੇ ਕੰਮ ਕਰ ਰਹੇ ਹਾਂ।
ਉਹਨਾਂ ਕਿਹਾ ਕਿ ਜਿਸ ਤਰੀਕੇ ਸਰਦਾਰ ਸਲੂਜਾ ਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਯੋਗਦਾਨ ਰਾਹੀਂ ਸਾਡੀ ਹੌਂਸਲਾ ਅਫਜ਼ਾਈ ਕੀਤੀ ਹੈ, ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ਤੇ ਪਰਮਾਤਮਾ ਅੱਗੇ ਅਪੀਲ ਕਰਦੇ ਹਾਂ ਕਿ ਉਹ ਸਮੁੱਚੇ ਪਰਿਵਾਰ ਨੂੰ ਨਰੋਈ ਸਿਹਤ, ਖੁਸ਼ੀ ਤੇ ਕਾਮਯਾਬੀ ਬਖਸ਼ਿਸ਼ ਕਰਨ।
ਉਹਨਾਂ ਨੇ ਦਿੱਲੀ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਮੇਸ਼ਾ ਵਾਂਗੂ ਕਮੇਟੀ ਦੀ ਮੌਜੂਦਾ ਟੀਮ ਦਾ ਡੱਟ ਕੇ ਸਾਥ ਦਿੰਦੀਆਂ ਰਹਿਣ ਤਾਂ ਜੋ ਮਨੁੱਖਤਾ ਦੀ ਸੇਵਾ ਹੋਰ ਵੱਧ ਚੜ੍ਹ ਕੇ ਹੋ ਸਕੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










