ਭੁਵਨੇਸ਼ਵਰ, 9 ਅਗਸਤ (ਪ੍ਰਤੀਨਿਧੀ) : ਸੀਨੀਅਰ ਭਾਜਪਾ ਨੇਤਾ ਅਤੇ ਸੰਬਲਪੁਰ ਤੋਂ ਸੰਸਦ ਮੈਂਬਰ ਧਰਮੇਂਦਰ ਪ੍ਰਧਾਨ ਨੇ ਨੀਟ ਪੇਪਰ ਲੀਕ ਮਾਮਲੇ ’ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਦੇ ਪਦ ਤੋਂ ਆਪਣੇ ਅਸਤੀਫ਼ੇ ਬਾਰੇ ਆਪਣੀ ਚੁੱਪ ਤੋੜੀ ਹੈ। ਸ਼ਨੀਵਾਰ ਨੂੰ ਜੀ.ਐੱਮ. ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਭਟਕਾਉਣ ਦੇ ਯਤਨ ਕੀਤੇ ਗਏ ਸਨ।
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਨੇ ਕਿਹਾ, ‘‘ਜ਼ੈੱਨ ਜ਼ੀ ਸਾਡੇ ਬੱਚੇ ਹਨ। ਕੁਝ ਲੋਕਾਂ ਨੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਮੇਰਾ ਕੋਈ ਨਿੱਜੀ ਮੁੱਦਾ ਨਹੀਂ ਸੀ। ਭਾਰਤ ਵਿੱਚ ਹਰ ਸਾਲ ਘੱਟੋ-ਘੱਟ ਦੋ ਕਰੋੜ ਬੱਚੇ ਪੈਦਾ ਹੁੰਦੇ ਹਨ। ਇਹ ਨੌਜਵਾਨ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀਆਂ ਆਸਾਂ ਰੱਖਦੇ ਹਨ। ਮੇਰੇ ਲਈ ਮੰਤਰੀ ਦਾ ਅਹੁਦਾ ਮਹੱਤਵਪੂਰਨ ਨਹੀਂ ਸੀ।’’ ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ।
ਦੂਜੇ ਪਾਸੇ, ਰੈਰਾਖੋਲ ਵਿੱਚ ਇੱਕ ਹੋਰ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ’ਤੇ ਨਿਸ਼ਾਨਾ ਵਿੰਨਿ੍ਹਆ।ਬੀਜੇਡੀ ਵਰਕਰਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਮੈਂ ਇੱਕ ਕਿਸਾਨ ਦਾ ਪੁੱਤਰ ਹਾਂ। ਜੇਕਰ ਤੁਸੀਂ ਮੈਨੂੰ ‘ਵਾਪਸ ਜਾਓ’ ਵੀ ਕਹੋਗੇ, ਤਾਂ ਵੀ ਮੈਂ ਵਾਪਸ ਆਵਾਂਗਾ।’’ ਉਨ੍ਹਾਂ ਨੇ ਸਵਾਲ ਕੀਤਾ, ‘‘ਕੀ ਮੈਂ ਕਦੇ ਕੋਈ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਓਡੀਸ਼ਾ ਦੇ ਲੋਕਾਂ ਦਾ ਸਿਰ ਸ਼ਰਮ ਨਾਲ ਝੁਕੇ?’’
ਇਸ ਦੌਰਾਨ, ਬੀ.ਜੇ.ਡੀ. ਨੇਤਾ ਰੋਹਿਤ ਪੁਜਾਰੀ ਨੇ ਪ੍ਰਧਾਨ ਦੇ ਬਿਆਨਾਂ ’ਤੇ ਪਲਟਵਾਰ ਕੀਤਾ। ਪੁਜਾਰੀ ਨੇ ਦਾਅਵਾ ਕੀਤਾ ਕਿ, ‘‘ਕਿਸੇ ਨੇ ਪ੍ਰਧਾਨ ਨੂੰ ਬਦਨਾਮ ਨਹੀਂ ਕੀਤਾ। ਉਨ੍ਹਾਂ ਦੀ ਆਪਣੀ ਸਰਕਾਰ ਅਤੇ ਨੀਤੀਆਂ ਨੇ ਹੀ ਉਨ੍ਹਾਂ ਨੂੰ ਬਦਨਾਮ ਕੀਤਾ ਹੈ, ਜਦੋਂ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ।’’ ਉਨ੍ਹਾਂ ਕਿਹਾ ਕਿ ਗਲਤ ਨੀਤੀਆਂ ਕਾਰਨ ਲੱਖਾਂ ਵਿਦਿਆਰਥੀ ਮਾਨਸਿਕ ਤਣਾਅ ਵਿੱਚ ਹਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










