ਨਵੀਂ ਦਿੱਲੀ 13 ਅਗਸਤ,2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸਨੂੰ ਗੁਰੂ ਘਰ ਦੀ ਮਰਿਆਦਾ ਅਤੇ ਗੁਰਸਿੱਖੀ ਦੇ ਸਿਧਾਂਤਾਂ ਦੇ ਵਿਰੁੱਧ ਕਰਾਰ ਦਿੱਤਾ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਘਰ ਦੇ ਅੰਦਰ ਕਿਸੇ ਵੀ ਗੁਰਸਿੱਖ ਜਾਂ ਕਿਸੇ ਵੀ ਵਿਅਕਤੀ ’ਤੇ ਹਮਲਾ ਕਰਨਾ ਕਿਸੇ ਵੀ ਤਰੀਕੇ ਨਾਲ ਸਵੀਕਾਰਯੋਗ ਨਹੀਂ ਹੈ। ਗੁਰੂ ਘਰ ਸ਼ਾਂਤੀ, ਸੇਵਾ, ਸਿਮਰਨ ਅਤੇ ਸਰਬੱਤ ਦੇ ਭਲੇ ਦਾ ਕੇਂਦਰ ਹੈ, ਇਸ ਲਈ ਇੱਥੇ ਹਿੰਸਾ ਜਾਂ ਕਿਸੇ ’ਤੇ ਹਮਲੇ ਲਈ ਕੋਈ ਥਾਂ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਜਿਹੜੇ ਵਿਅਕਤੀ ਗੁਰੂ ਸਾਹਿਬ ਦੇ ਬਾਣੇ ਵਿੱਚ ਸਜਦੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਗੁਰੂ ਸਾਹਿਬ
ਦੇ ਸਿਧਾਂਤਾਂ ਅਤੇ ਮਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਨ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਿਆ ਹੈ ਅਤੇ ਕਿਰਪਾਨ ਧਾਰਨ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ, ਪਰ ਕਿਰਪਾਨ ਕਿਸੇ ਉੱਤੇ ਹਮਲਾ ਕਰਨ ਜਾਂ ਜ਼ੁਲਮ ਕਰਨ ਦਾ ਸਾਧਨ ਨਹੀਂ ਹੈ। ਇਹ ਤਾਂ ਜ਼ੁਲਮ ਦੇ ਵਿਰੁੱਧ ਖੜ੍ਹਨ, ਬੇਸਹਾਰਿਆਂ ਦੀ ਰੱਖਿਆ ਕਰਨ ਅਤੇ ਇਨਸਾਫ਼ ਲਈ ਆਵਾਜ਼ ਉਠਾਉਣ ਦਾ ਪ੍ਰਤੀਕ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਅੱਜ ਵਾਪਰੀ ਇਹ ਘਟਨਾ ਬੇਹੱਦ ਨਿੰਦਣਯੋਗ ਹੈ ਅਤੇ ਇਸਦੀ ਜਿੰਨੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ, ਉਨੀ ਘੱਟ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਕਿਸੇ ਵੀ ਨਿੱਜੀ ਰੰਜਿਸ਼, ਵਿਚਾਰਕ ਵਿਰੋਧ ਜਾਂ ਹਿੰਸਕ ਕਾਰਵਾਈ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਬਹਾਦਰੀ ਨਹੀਂ, ਸਗੋਂ ਕਾਇਰਤਾ ਦੀ ਨਿਸ਼ਾਨੀ ਹਨ। ਗੁਰਸਿੱਖੀ ਸਾਨੂੰ ਨਿਰਭੈਤਾ ਦੇ ਨਾਲ-ਨਾਲ ਸੰਜਮ, ਨਿਮਰਤਾ ਅਤੇ ਮਨੁੱਖਤਾ ਦਾ ਮਾਰਗ ਦਿਖਾਉਂਦੀ ਹੈ। ਕਿਸੇ ’ਤੇ ਹਮਲਾ ਕਰਨਾ ਜਾਂ ਹਿੰਸਾ ਦਾ ਸਹਾਰਾ ਲੈਣਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ।
ਸਰਦਾਰ ਕਾਲਕਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਿਹਤਯਾਬੀ ਲਈ ਅਰਦਾਸ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਜਲਦ ਪੂਰਨ ਸਿਹਤ ਅਤੇ ਚੜ੍ਹਦੀ ਕਲਾ ਬਖ਼ਸ਼ਣ।
ਇਸ ਮੌਕੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਘਰਾਂ ਦੀ ਮਰਿਆਦਾ ਅਤੇ ਪਵਿੱਤਰਤਾ ਦੀ ਰੱਖਿਆ ਕਰਨਾ ਹਰ ਸਿੱਖ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਦੇ ਬਾਣੇ ਦੀ ਆੜ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਹਮਲੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਜਿਹੀਆਂ ਘਟਨਾਵਾਂ ਨਾਲ ਨਾ ਸਿਰਫ਼ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਬਲਕਿ ਗੁਰੂ ਘਰ ਦੀ ਪਵਿੱਤਰ ਮਰਿਆਦਾ ਵੀ ਪ੍ਰਭਾਵਿਤ ਹੁੰਦੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










