ਤਿਰੰਗੇ ਨੂੰ ਪੈਰਾਂ ਹੇਠ ਰੋਲ ਕੇ ਸਿੱਖੀ ਦੀ ਕਿਹੜੀ ਸੇਵਾ ਕੀਤੀ ਜਾ ਰਹੀ ਹੈ?: ਪ੍ਰੋ. ਸਰਚਾਂਦ ਸਿੰਘ ਖਿਆਲਾ
ਨਿਊਯਾਰਕ ਵਿੱਚ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਵਿਰੋਧ ਦੌਰਾਨ ਤਿਰੰਗੇ ਦੇ ਅਪਮਾਨ ਦੀ ਸਖ਼ਤ ਨਿੰਦਾ।
ਅੰਮ੍ਰਿਤਸਰ, 30 ਅਗਸਤ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਵਿਰੋਧ ਦੌਰਾਨ ਭਾਰਤੀ ਤਿਰੰਗੇ ਦੇ ਕੀਤੇ ਗਏ ਅਪਮਾਨ ਦੀ ਸਖ਼ਤ ਨਿੰਦਾ ਕੀਤੀ ਹੈ। ਖਾਲਿਸਤਾਨ ਦੇ ਨਾਮ ’ਤੇ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਖਿਆਲਾ ਨੇ ਕਿਹਾ, “ਦੇਸ਼ ਦੇ ਝੰਡੇ ਨੂੰ ਪੈਰਾਂ ਹੇਠ ਰੋਲ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਅਜਿਹੀਆਂ ਹਰਕਤਾਂ ਰਾਹੀਂ ਪੂਰੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।”
ਪ੍ਰੋ. ਖਿਆਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਕਿਸੇ ਵੀ ਸਿਆਸੀ ਜਾਂ ਵਿਚਾਰਧਾਰਕ ਵਿਚਾਰ ਨਾਲ ਅਸਹਿਮਤੀ ਪ੍ਰਗਟ ਕਰਨ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਵਿਰੋਧ ਦਰਜ ਕਰਾਉਣ ਦਾ ਪੂਰਾ ਹੱਕ ਹੈ। ਪਰ ਕਿਸੇ ਵੀ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਪਾੜਨਾ, ਪੈਰਾਂ ਹੇਠ ਰੋਲਣਾ ਜਾਂ ਉਸ ਦਾ ਅਪਮਾਨ ਕਰਨਾ ਕਿਸੇ ਵੀ ਲੋਕਤੰਤਰ ਅਤੇ ਸਭਿਅਕ ਸਮਾਜ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ, “ਜੇ ਕਿਸੇ ਨੂੰ ਮੋਹਨ ਭਾਗਵਤ ਜਾਂ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਇਤਰਾਜ਼ ਹੈ ਤਾਂ ਉਹ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾ ਸਕਦਾ ਹੈ। ਪਰ ਕੁਝ ਖਾਲਿਸਤਾਨ-ਸਮਰਥਕ ਅਨਸਰਾਂ ਵੱਲੋਂ ਤਿਰੰਗੇ ਨਾਲ ਕੀਤੇ ਗਏ ਵਰਤਾਰੇ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਤਿਰੰਗੇ ਨੂੰ ਪੈਰਾਂ ਹੇਠ ਰੋਲ ਕੇ ਸਿੱਖੀ ਦੀ ਕਿਹੜੀ ਸੇਵਾ ਕੀਤੀ ਜਾ ਰਹੀ ਹੈ?”
ਪ੍ਰੋ. ਖਿਆਲਾ ਨੇ ਕਿਹਾ, “ਮੈਂ ਖ਼ੁਦ ਇੱਕ ਸਿੱਖ ਹਾਂ। ਮੈਨੂੰ ਆਪਣੇ ਸਿੱਖ ਹੋਣ ’ਤੇ ਮਾਣ ਹੈ ਅਤੇ ਸਿੱਖ ਇਤਿਹਾਸ ਵਿੱਚ ਹੋਈਆਂ ਮਹਾਨ ਕੁਰਬਾਨੀਆਂ ’ਤੇ ਵੀ ਮਾਣ ਹੈ। ਤਿਰੰਗਾ ਸਿਰਫ਼ ਕੱਪੜੇ ਦਾ ਇੱਕ ਟੁਕੜਾ ਨਹੀਂ, ਸਗੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ ਅਤੇ ਇਹ ਅਣਗਿਣਤ ਕੁਰਬਾਨੀਆਂ ਨਾਲ ਜੁੜਿਆ ਹੋਇਆ ਹੈ। ਜਿਸ ਤਿਰੰਗੇ ਲਈ ਸਾਡੀ ਕੌਮ ਦੇ ਮੈਂਬਰਾਂ ਨੇ ਵੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਉਸੇ ਝੰਡੇ ਨੂੰ ਪੈਰਾਂ ਹੇਠ ਰੋਲਿਆ ਜਾਂਦਾ ਦੇਖਣਾ ਕੁਦਰਤੀ ਤੌਰ ’ਤੇ ਡੂੰਘਾ ਦੁੱਖ ਪੈਦਾ ਕਰਦਾ ਹੈ।”
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦਿਆਂ ਕੋਈ ਸਿੱਖ ਫ਼ੌਜੀ ਦੇਸ਼ ਲਈ ਸ਼ਹੀਦ ਹੁੰਦਾ ਹੈ ਤਾਂ ਉਸ ਦੀ ਮ੍ਰਿਤਕ ਦੇਹ ਨੂੰ ਇਸੇ ਤਿਰੰਗੇ ਵਿੱਚ ਲਪੇਟ ਕੇ ਪੂਰੇ ਫ਼ੌਜੀ ਸਨਮਾਨ ਨਾਲ ਉਸ ਦੇ ਪਰਿਵਾਰ ਤੱਕ ਪਹੁੰਚਾਇਆ ਜਾਂਦਾ ਹੈ। “ਇਸ ਲਈ ਸਿੱਖਾਂ ਦੇ ਰੂਪ ’ਚ ਕਿਸੇ ਵਿਅਕਤੀਆਂ ਵੱਲੋਂ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਜਾਣਾ ਹੋਰ ਵੀ ਵਧੇਰੇ ਦੁਖਦਾਈ ਅਤੇ ਚਿੰਤਾਜਨਕ ਹੈ,” ਉਨ੍ਹਾਂ ਕਿਹਾ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖੀ ਦਾ ਮੂਲ ਸੰਦੇਸ਼ ਮਨੁੱਖਤਾ, ਨਿਆਂ, ਬਰਾਬਰੀ, ਸਰਬੱਤ ਦੇ ਭਲੇ ਅਤੇ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਵਿੱਚ ਹੈ। “ਮਨੁੱਖੀ ਮਰਿਆਦਾ ਜਾਂ ਬੁਨਿਆਦੀ ਨੈਤਿਕ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਕਾਰਵਾਈ ਨੂੰ ਸਿੱਖੀ ਦੇ ਨਾਮ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ,” ਉਨ੍ਹਾਂ ਕਿਹਾ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੀ ਸਿੱਖ ਕੌਮ ਨੇ ਆਪਣੀ ਮਿਹਨਤ, ਇਮਾਨਦਾਰੀ, ਮਨੁੱਖੀ ਸੇਵਾ ਅਤੇ ਕੁਰਬਾਨੀਆਂ ਰਾਹੀਂ ਆਪਣੀ ਵਿਲੱਖਣ ਪਛਾਣ ਬਣਾਈ ਹੈ। “ਕੁਝ ਵਿਅਕਤੀਆਂ ਦੀਆਂ ਭੜਕਾਊ ਜਾਂ ਅਪਮਾਨਜਨਕ ਹਰਕਤਾਂ ਨਾਲ ਪੂਰੇ ਸਿੱਖ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸਿੱਖ ਕੌਮ ਨੂੰ ਕਿਸੇ ਦੀ ਕੱਟੜਪੰਥੀ ਰਾਜਨੀਤੀ ਦਾ ‘ਬ੍ਰਾਂਡ ਅੰਬੈਸਡਰ’ ਨਹੀਂ ਬਣਾਇਆ ਜਾਣਾ ਚਾਹੀਦਾ,” ਉਨ੍ਹਾਂ ਕਿਹਾ।
ਪ੍ਰੋ. ਖਿਆਲਾ ਨੇ ਕਿਹਾ ਕਿ ਅੱਜ ਦੁਨੀਆ ਨੂੰ ਨਫ਼ਰਤ ਦੀ ਨਹੀਂ, ਸਗੋਂ ਸੰਵਾਦ ਦੀ ਲੋੜ ਹੈ। “ਧਰਮ, ਵਿਚਾਰਧਾਰਾ ਅਤੇ ਰਾਜਨੀਤੀ ਨੂੰ ਲੈ ਕੇ ਮਤਭੇਦ ਆਪਣੀ ਥਾਂ ਹਨ, ਪਰ ਮਨੁੱਖੀ ਮਰਿਆਦਾ ਸਭ ਤੋਂ ਉੱਪਰ ਰਹਿਣੀ ਚਾਹੀਦੀ ਹੈ। ਅਮਰੀਕਾ ਵਿੱਚ ਰਹਿ ਕੇ ਭਾਰਤ ਵਿਰੋਧੀ ਨਾਅਰੇ ਲਗਾਉਣ ਜਾਂ ਰਾਸ਼ਟਰੀ ਪ੍ਰਤੀਕਾਂ ਦਾ ਅਪਮਾਨ ਕਰਨ ਨਾਲ ਨਾ ਕੋਈ ਰਾਜਨੀਤਿਕ ਹੱਲ ਨਿਕਲੇਗਾ ਅਤੇ ਨਾ ਹੀ ਕਿਸੇ ਭਾਈਚਾਰੇ ਦੀ ਇੱਜ਼ਤ ਵਧੇਗੀ।”
ਉਨ੍ਹਾਂ ਨੇ ਸਮੂਹ ਭਾਈਚਾਰਿਆਂ ਨੂੰ ਕੁਝ ਵਿਅਕਤੀਆਂ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਠਹਿਰਾਉਣ ਤੋਂ ਵੀ ਸਾਵਧਾਨ ਕੀਤਾ। ਉਨ੍ਹਾਂ ਕਿਹਾ, “ਰਿਪੋਰਟਾਂ ਅਨੁਸਾਰ ਨਿਊਯਾਰਕ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਵੱਖ-ਵੱਖ ਭਾਈਚਾਰਿਆਂ ਅਤੇ ਸੰਗਠਨਾਂ ਨਾਲ ਸਬੰਧਤ ਲੋਕ ਮੌਜੂਦ ਸਨ। ਇਸ ਲਈ ਕਿਸੇ ਵੀ ਸਮੂਹ ਦੇ ਸਾਰੇ ਮੈਂਬਰਾਂ ਨੂੰ ਕੁਝ ਵਿਅਕਤੀਆਂ ਦੀ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੋਵੇਗਾ। ਇਸੇ ਤਰ੍ਹਾਂ, ਖਾਲਿਸਤਾਨ-ਸਮਰਥਕ ਅਨਸਰਾਂ ਵੱਲੋਂ ਤਿਰੰਗੇ ਦੇ ਕੀਤੇ ਗਏ ਕਥਿਤ ਅਪਮਾਨ ਦੀ ਜ਼ਿੰਮੇਵਾਰੀ ਵੀ ਸਿਰਫ਼ ਉਨ੍ਹਾਂ ਵਿਅਕਤੀਆਂ ਤੱਕ ਹੀ ਸੀਮਤ ਰਹਿਣੀ ਚਾਹੀਦੀ ਹੈ।”
ਪ੍ਰੋ. ਖਿਆਲਾ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਸਿੱਖ ਕੌਮ ਦੀ ਇੱਜ਼ਤ ਅਤੇ ਮਰਿਆਦਾ ਵੀ ਬਰਾਬਰ ਮਹੱਤਵਪੂਰਨ ਹੈ। “ਸਿੱਖ ਭਾਈਚਾਰੇ ਨੂੰ ਵੀ ਅਜਿਹੀਆਂ ਹਰਕਤਾਂ ਖ਼ਿਲਾਫ਼ ਸਪੱਸ਼ਟ ਅਤੇ ਦ੍ਰਿੜ੍ਹ ਆਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਜੋ ਕੁਝ ਵਿਅਕਤੀਆਂ ਦੇ ਗ਼ਲਤ ਕ੍ਰਿਤਾਂ ਦਾ ਬੋਝ ਪੂਰੀ ਕੌਮ ’ਤੇ ਨਾ ਪਵੇ,” ਉਨ੍ਹਾਂ ਕਿਹਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










