ਮੈਰਿਟ ਸੂਚੀ, ਸਟਾਫ਼ ਦੀ ਅਸਲ ਲੋੜ ਅਤੇ ਚੋਣ ਪ੍ਰਕਿਰਿਆ ਸਪਸ਼ਟ ਕਰਨ ਦੀ ਮੰਗ; ਤਬਾਦਲੇ ਦੀ ਮਨਜ਼ੂਰੀ ਅਤੇ ਤਾਇਨਾਤੀ ਹੁਕਮ ਦੀ ਇੱਕੋ ਤਾਰੀਖ਼ ਨੇ ਫ਼ੈਸਲੇ ਦੀ ਪ੍ਰਕਿਰਿਆ ਵੱਲ ਖਿੱਚਿਆ ਧਿਆਨ
ਫ਼ਿਰੋਜ਼ਪੁਰ: ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਦੇ ਦਸਤਖ਼ਤਾਂ ਹੇਠ 8 ਅਕਤੂਬਰ 2026 ਨੂੰ ਸ਼ਤਾਬਦੀ ਅਤੇ ਵੰਦੇ ਭਾਰਤ ਐਕਸਪ੍ਰੈੱਸ ਲਈ ਜਾਰੀ ਸਟਾਫ਼ ਤਾਇਨਾਤੀ ਹੁਕਮ ਦੀ ਪਾਰਦਰਸ਼ਤਾ ਬਾਰੇ ਸਵਾਲ ਉੱਠੇ ਹਨ। ਇਤਰਾਜ਼ ਹੈ ਕਿ ਜਿੱਥੇ ਟਿਕਟ ਚੈਕਿੰਗ ਸਟਾਫ਼ ਦੀ ਅਸਲ ਲੋੜ ਹੈ, ਉੱਥੇ ਘਾਟ ਬਣੀ ਹੋਈ ਹੈ, ਜਦਕਿ ਕੁਝ ਹੋਰ ਡਿਊਟੀਆਂ ਲਈ ਲੋੜ ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਚੋਣ ਕ੍ਰਮ ਵਿੱਚ ਪਹਿਲਾਂ ਮੌਕਾ ਬਣਨ ਦੇ ਦਾਅਵਿਆਂ ਅਤੇ ਹੋਰ ਨਾਮ ਸ਼ਾਮਲ ਕਰਨ ਦੇ ਆਧਾਰ ਬਾਰੇ ਵੀ ਸਪਸ਼ਟੀਕਰਨ ਦੀ ਮੰਗ ਹੈ।
ਮਾਮਲੇ ਦਾ ਕੇਂਦਰ ਮੌਜੂਦਾ ਕਰਮਚਾਰੀਆਂ ਵਿੱਚੋਂ ਪ੍ਰੀਮੀਅਮ ਗੱਡੀਆਂ ਲਈ ਚੋਣ ਅਤੇ ਉਨ੍ਹਾਂ ਦੀ ਡਿਊਟੀ ਦੀ ਵੰਡ ਹੈ। ਇਨ੍ਹਾਂ ਫ਼ੈਸਲਿਆਂ ਦੀ ਨਿਰਪੱਖ ਪਰਖ ਲਈ ਕਰਮਚਾਰੀਆਂ ਦੇ ਨਾਵਾਂ ਦੇ ਨਾਲ ਉਨ੍ਹਾਂ ਦੇ ਪ੍ਰਾਪਤ ਅੰਕ, ਪਾਤਰਤਾ ਦੀ ਪੜਤਾਲ ਅਤੇ ਗੱਡੀਵਾਰ ਸਟਾਫ਼ ਦੀ ਲੋੜ ਦਾ ਵੇਰਵਾ ਸਾਹਮਣੇ ਆਉਣਾ ਜ਼ਰੂਰੀ ਹੈ।
ਮਾਰਚ ਦੀ ਚੋਣ ਅਤੇ ਅਕਤੂਬਰ ਦੇ ਹੁਕਮ ਦਾ ਮਿਲਾਨ ਜ਼ਰੂਰੀ
17 ਮਾਰਚ 2026 ਨੂੰ ਸ਼ਤਾਬਦੀ ਐਕਸਪ੍ਰੈੱਸ ਨੰਬਰ 12013/12014 ਅਤੇ ਵੰਦੇ ਭਾਰਤ ਐਕਸਪ੍ਰੈੱਸ ਨੰਬਰ 22487/22488 ਲਈ 20 ਕਰਮਚਾਰੀਆਂ ਦੀ ਚੋਣ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਸਨ। ਚੋਣ ਲਈ ਵਿਦਿਅਕ ਯੋਗਤਾ, ਅਨੁਸ਼ਾਸਨਕ ਰਿਕਾਰਡ, ਤਜਰਬੇ, ਸਾਲਾਨਾ ਕਾਰਗੁਜ਼ਾਰੀ ਰਿਪੋਰਟ, ਇਨਾਮਾਂ ਅਤੇ ਜੁਰਮਾਨਾ ਵਸੂਲੀ ਦੀ ਕਾਰਗੁਜ਼ਾਰੀ ਦੇ ਕੁੱਲ 60 ਅੰਕ ਨਿਰਧਾਰਤ ਸਨ।
ਪਾਤਰਤਾ ਵਿੱਚ ਨਿਰਧਾਰਤ ਤਾਰੀਖ਼ ਤੱਕ ਘੱਟੋ-ਘੱਟ 10 ਸਾਲ ਦਾ ਟਿਕਟ ਚੈਕਿੰਗ ਤਜਰਬਾ ਅਤੇ ਪਹਿਲਾਂ ਪ੍ਰੀਮੀਅਮ ਗੱਡੀਆਂ ਵਿੱਚ ਕੰਮ ਕਰ ਚੁੱਕੇ ਸਟਾਫ਼ ਲਈ ਦੋ ਸਾਲ ਦੀ ਕੂਲਿੰਗ ਆਫ਼ ਮਿਆਦ ਦੀ ਸ਼ਰਤ ਵੀ ਸ਼ਾਮਲ ਸੀ। ਇਸ ਲਈ ਹਰੇਕ ਕਰਮਚਾਰੀ ਦੀ ਚੋਣ ਉਸ ਦੇ ਸੰਬੰਧਿਤ ਸੇਵਾ-ਰਿਕਾਰਡ ਅਤੇ ਨਿਰਧਾਰਤ ਮਾਪਦੰਡਾਂ ਦੀ ਪੜਤਾਲ ਨਾਲ ਜੁੜੀ ਹੋਈ ਹੈ।
30 ਮਾਰਚ ਦੇ ਪੱਤਰ ਵਿੱਚ 20 ਕਰਮਚਾਰੀਆਂ ਦੀ ਮੁੱਖ ਅਤੇ ਤਿੰਨ ਦੀ ਰਿਜ਼ਰਵ ਸੂਚੀ ਦਿੱਤੀ ਗਈ ਸੀ। ਇਸ ਵਿੱਚ ਅਰਜ਼ੀਆਂ ਦੀ ਪੜਤਾਲ ਮਗਰੋਂ ਮੈਰਿਟ ਸੂਚੀ ਤਿਆਰ ਕਰਨ ਦਾ ਜ਼ਿਕਰ ਹੈ। ਹਾਲਾਂਕਿ, ਉਪਲਬਧ ਕਾਪੀਆਂ ਵਿੱਚ ਕਰਮਚਾਰੀਵਾਰ ਪ੍ਰਾਪਤ ਅੰਕ ਦਰਜ ਨਹੀਂ ਹਨ। ਪੂਰੀ ਅੰਕ-ਸੂਚੀ ਸਾਹਮਣੇ ਆਉਣ ਨਾਲ ਹੀ ਇਹ ਪਰਖਿਆ ਜਾ ਸਕੇਗਾ ਕਿ ਕਿਸ ਦਾ ਮੌਕਾ ਪਹਿਲਾਂ ਬਣਦਾ ਸੀ ਅਤੇ ਕਿਸੇ ਨੂੰ ਨਾ ਚੁਣਨ ਦਾ ਕਾਰਨ ਕੀ ਸੀ।
ਬਸੰਤ ਕੁਮਾਰ ਵੱਲੋਂ 8 ਅਕਤੂਬਰ ਨੂੰ ਜਾਰੀ ਹੁਕਮ ਵਿੱਚ ਦੋ ਕਰਮਚਾਰੀਆਂ ਦਾ ਕਾਰਜਕਾਲ ਕ੍ਰਮਵਾਰ 3 ਅਤੇ 17 ਅਗਸਤ ਨੂੰ ਪੂਰਾ ਹੋਣ ਦਾ ਜ਼ਿਕਰ ਹੈ। ਉਨ੍ਹਾਂ ਨੂੰ 9 ਅਕਤੂਬਰ ਤੋਂ ਆਮ ਮੇਲ ਅਤੇ ਐਕਸਪ੍ਰੈੱਸ ਗੱਡੀਆਂ ਲਈ ਵਰਤਣ ਦੀ ਹਦਾਇਤ ਦਿੱਤੀ ਗਈ ਹੈ। ਇਸੇ ਹੁਕਮ ਵਿੱਚ ਛੇ ਕਰਮਚਾਰੀਆਂ ਨੂੰ ਸ਼ਤਾਬਦੀ ਅਤੇ ਵੰਦੇ ਭਾਰਤ ਲਈ ਵਰਤਣ ਦੀ ਵਿਵਸਥਾ ਹੈ।
ਇਨ੍ਹਾਂ ਛੇ ਵਿੱਚ ਮਾਰਚ ਦੀ ਰਿਜ਼ਰਵ ਸੂਚੀ ਦੇ ਤਿੰਨੇ ਨਾਮ ਸ਼ਾਮਲ ਹਨ। ਬਾਕੀ ਤਿੰਨ ਨਾਮ ਕਿਹੜੇ ਪ੍ਰਾਪਤ ਅੰਕਾਂ ਅਤੇ ਕਿਸ ਚੋਣ ਕ੍ਰਮ ਅਨੁਸਾਰ ਜੋੜੇ ਗਏ, ਇਹ ਸਪਸ਼ਟ ਕਰਨ ਦੀ ਲੋੜ ਹੈ। ਜੇ ਕਿਸੇ ਪਾਤਰਤਾ ਸ਼ਰਤ ਵਿੱਚ ਛੋਟ ਦਿੱਤੀ ਗਈ ਹੈ, ਤਾਂ ਉਸ ਦੀ ਮਨਜ਼ੂਰੀ ਅਤੇ ਲਾਗੂ ਕਰਨ ਦਾ ਆਧਾਰ ਵੀ ਰਿਕਾਰਡ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ।
ਘਾਟ ਅਤੇ ਵਾਧੂ ਤਾਇਨਾਤੀ ਦਾ ਜਵਾਬ ਡਿਊਟੀ ਰੋਸਟਰ ਤੋਂ ਮਿਲੇਗਾ
ਦੋ ਕਰਮਚਾਰੀਆਂ ਦਾ ਕਾਰਜਕਾਲ ਪੂਰਾ ਹੋਣ ਅਤੇ ਅਗਲੇ ਹੁਕਮ ਵਿੱਚ ਛੇ ਨਾਮ ਦਰਜ ਹੋਣ ਤੋਂ ਆਪਣੇ ਆਪ ਵਾਧੂ ਸਟਾਫ਼ ਦੀ ਗਿਣਤੀ ਤੈਅ ਨਹੀਂ ਹੁੰਦੀ। ਮੁੱਖ ਡਿਊਟੀ ਦੇ ਨਾਲ ਰੋਟੇਸ਼ਨ, ਹਫ਼ਤਾਵਾਰੀ ਆਰਾਮ ਅਤੇ ਛੁੱਟੀਆਂ ਲਈ ਰਿਜ਼ਰਵ ਸਟਾਫ਼ ਦੀ ਲੋੜ ਨੂੰ ਵੀ ਹਿਸਾਬ ਵਿੱਚ ਲੈਣਾ ਪਵੇਗਾ।
29 ਜੁਲਾਈ 2026 ਨੂੰ ਲੋਕ ਸਭਾ ਵਿੱਚ ਦਿੱਤੇ ਜਵਾਬ ਵਿੱਚ ਰੇਲਵੇ ਨੇ ਟੀਟੀਈ ਦੀ ਤਾਇਨਾਤੀ ਨੂੰ ਗੱਡੀ ਦੇ ਕੋਚਾਂ ਦੀ ਗਿਣਤੀ ਅਤੇ ਬਣਤਰ ਨਾਲ ਜੋੜਿਆ ਸੀ। ਉਸ ਜਵਾਬ ਵਿੱਚ ਵੱਧ ਤੋਂ ਵੱਧ ਤਿੰਨ ਚੇਅਰ ਕਾਰ ਜਾਂ ਸਲੀਪਰ ਕੋਚਾਂ ਲਈ ਇੱਕ ਟੀਟੀਈ ਦਾ ਮਾਪਦੰਡ ਦਰਜ ਹੈ। ਨਾਲ ਹੀ ਡਿਊਟੀ ਲਿੰਕਾਂ ਦੀ ਸਮੀਖਿਆ ਅਤੇ ਚੈਕਿੰਗ ਸਕੁਐਡਾਂ ਵਿੱਚ ਸਟਾਫ਼ ਦੀ ਗਿਣਤੀ ਤਰਕਸੰਗਤ ਕਰਕੇ ਗੱਡੀਆਂ ਅਤੇ ਸਟੇਸ਼ਨਾਂ ਲਈ ਕਰਮਚਾਰੀਆਂ ਦੀ ਉਪਲਬਧਤਾ ਵਧਾਉਣ ਦੀ ਗੱਲ ਕਹੀ ਗਈ ਹੈ।
ਇਸ ਪਿਛੋਕੜ ਵਿੱਚ ਮੰਡਲ ਪ੍ਰਸ਼ਾਸਨ ਨੂੰ ਮਨਜ਼ੂਰਸ਼ੁਦਾ ਅਸਾਮੀਆਂ, ਮੌਜੂਦਾ ਤਾਇਨਾਤੀ, ਖ਼ਾਲੀ ਅਸਾਮੀਆਂ ਅਤੇ ਹਰ ਗੱਡੀ ਲਈ ਲੋੜੀਂਦੇ ਸਟਾਫ਼ ਦਾ ਵੇਰਵਾ ਸਪਸ਼ਟ ਕਰਨਾ ਚਾਹੀਦਾ ਹੈ। ਜਿੱਥੇ ਘਾਟ ਹੋਣ ਅਤੇ ਹੋਰ ਥਾਵਾਂ ’ਤੇ ਵਾਧੂ ਤਾਇਨਾਤੀ ਦੇ ਇਤਰਾਜ਼ ਹਨ, ਉਨ੍ਹਾਂ ਦੀ ਪਰਖ ਇਸੇ ਰਿਕਾਰਡ ਦੇ ਮਿਲਾਨ ਨਾਲ ਹੋ ਸਕੇਗੀ।
ਤਬਾਦਲੇ ਦੀ ਮਨਜ਼ੂਰੀ ਵਾਲੇ ਦਿਨ ਹੀ ਤਾਇਨਾਤੀ ਹੁਕਮ
ਬਸੰਤ ਕੁਮਾਰ ਦੇ ਦਸਤਖ਼ਤਾਂ ਵਾਲੇ ਸਟਾਫ਼ ਤਾਇਨਾਤੀ ਹੁਕਮ ਅਤੇ ਰੇਲਵੇ ਬੋਰਡ ਵੱਲੋਂ ਉਨ੍ਹਾਂ ਦੀ ਰੇਲਵੇ ਕਲੇਮਜ਼ ਟ੍ਰਿਬਿਊਨਲ ਵਿੱਚ ਰਜਿਸਟਰਾਰ ਵਜੋਂ ਅਸਥਾਈ ਤਬਾਦਲੇ ਦੇ ਆਧਾਰ ’ਤੇ ਨਿਯੁਕਤੀ ਦੀ ਮਨਜ਼ੂਰੀ ਦਾ ਪੱਤਰ—ਦੋਵਾਂ ਦੀ ਤਾਰੀਖ਼ 8 ਅਕਤੂਬਰ 2026 ਹੈ।
ਇਸ ਤੱਥ ਦੇ ਮੱਦੇਨਜ਼ਰ ਚੋਣ ਫ਼ਾਈਲ ਦੀ ਤਿਆਰੀ, ਪਾਤਰਤਾ ਦੀ ਜਾਂਚ ਅਤੇ ਅੰਤਿਮ ਮਨਜ਼ੂਰੀ ਦੀ ਪ੍ਰਕਿਰਿਆ ਸਪਸ਼ਟ ਹੋਣੀ ਚਾਹੀਦੀ ਹੈ। ਇਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿ ਤਾਇਨਾਤੀ ਦਾ ਪ੍ਰਸਤਾਵ ਕਦੋਂ ਤਿਆਰ ਹੋਇਆ, ਉਸ ਦੀ ਪੜਤਾਲ ਕਿਸ ਪੱਧਰ ’ਤੇ ਹੋਈ ਅਤੇ ਮਨਜ਼ੂਰੀ ਕਦੋਂ ਦਿੱਤੀ ਗਈ।
ਤਬਾਦਲੇ ਦੇ ਪੱਤਰ ਵਿੱਚ ਬਸੰਤ ਕੁਮਾਰ ਨੂੰ ਨਵੀਂ ਜ਼ਿੰਮੇਵਾਰੀ ਲਈ ਰਿਲੀਵ ਕਰਨ ਦੀ ਗੱਲ ਦਰਜ ਹੈ; ਉਸੇ ਦਿਨ ਨਵਾਂ ਅਹੁਦਾ ਸੰਭਾਲਣ ਦੀ ਪੁਸ਼ਟੀ ਨਹੀਂ ਹੈ। ਇਸ ਲਈ ਇੱਕੋ ਦਿਨ ਜੁਆਇਨਿੰਗ ਜਾਂ ਬਿਨਾਂ ਪੜਤਾਲ ਫ਼ੈਸਲਾ ਕਰਨ ਦੇ ਦਾਅਵੇ ਦੀ ਜਾਂਚ ਸੰਬੰਧਿਤ ਰਿਕਾਰਡ ਨਾਲ ਹੀ ਹੋਵੇਗੀ।
ਬਸੰਤ ਕੁਮਾਰ ਦੇ ਦਸਤਖ਼ਤਾਂ ਵਾਲੇ ਤਾਇਨਾਤੀ ਹੁਕਮ ਵਿੱਚ ਛੇ ਨਾਮ ਮੈਰਿਟ ਅਨੁਸਾਰ ਹੋਣ ਅਤੇ ਲੋੜ ਪੈਣ ’ਤੇ ਇਨ੍ਹਾਂ ਕਰਮਚਾਰੀਆਂ ਨੂੰ ਹੋਰ ਗੱਡੀਆਂ ਵਿੱਚ ਵੀ ਵਰਤਣ ਦੀ ਗੱਲ ਦਰਜ ਹੈ। ਇਸ ਪੱਖ ਅਤੇ ਉਠੇ ਇਤਰਾਜ਼ਾਂ ਦੀ ਨਿਰਪੱਖ ਪਰਖ ਲਈ ਪੂਰੀ ਮੈਰਿਟ ਸੂਚੀ, ਪੜਤਾਲ ਦਾ ਰਿਕਾਰਡ ਅਤੇ ਡਿਊਟੀ ਰੋਸਟਰ ਸਾਹਮਣੇ ਰੱਖਣਾ ਜ਼ਰੂਰੀ ਹੈ।
ਮੰਗ ਹੈ ਕਿ ਹਰੇਕ ਯੋਗ ਕਰਮਚਾਰੀ ਨੂੰ ਨਿਯਮਾਂ ਅਨੁਸਾਰ ਮੌਕਾ ਮਿਲੇ, ਘਾਟ ਵਾਲੀਆਂ ਡਿਊਟੀਆਂ ਨੂੰ ਪਹਿਲ ਦਿੱਤੀ ਜਾਵੇ ਅਤੇ ਹਰ ਤਾਇਨਾਤੀ ਦਾ ਆਧਾਰ ਸਪਸ਼ਟ ਹੋਵੇ। ਰਿਕਾਰਡ ਦੀ ਸਮੀਖਿਆ ਵਿੱਚ ਕੋਈ ਗ਼ਲਤੀ ਸਾਹਮਣੇ ਆਵੇ ਤਾਂ ਉਸ ਨੂੰ ਦਰੁਸਤ ਕੀਤਾ ਜਾਵੇ, ਤਾਂ ਜੋ ਚੋਣ ਅਤੇ ਸਟਾਫ਼ ਦੀ ਵੰਡ ਉੱਤੇ ਭਰੋਸਾ ਬਣਿਆ ਰਹੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










