ਬਟਾਲਾ ਵਿੱਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦਾ ਦਿੱਲੀ ਕਮੇਟੀ ਡੱਟ ਕੇ ਦੇਵੇਗੀ ਸਾਥ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਆਏ ਵਫਦ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਮੋਰਚੇ ਦਾ ਡੱਟਕੇ ਸਾਥ ਦੇਣ ਅਤੇ ਕੇਂਦਰ ਸਰਕਾਰ ਤੇ ਜ਼ੋਰ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵਾਪਰੇ ਅਤਿ ਘਿਣਾਉਣੇ ‘ਚਾਵਲਾ ਕਾਂਡ’ ਕਾਰਨ ਨਮੋਸ਼ੀ ਦੇ ਆਲਮ ਵਿੱਚੋਂ ਗੁਜ਼ਰ ਰਹੀ ਸਿੱਖ ਕੌਮ ਦਾ ਦਰਦ, ਧਰਮ ਯੁੱਧ ਮੋਰਚਾ ਬਟਾਲਾ ਦੀ ਟੀਮ ਵੱਲੋਂ ਦੋ ਦਿਨ ਚੱਲੇ ਮੀਟਿੰਗਾਂ ਦੇ ਦੌਰ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨਾਲ ਸਾਂਝਾ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਲੰਮੇ ਅਰਸੇ ਤੋਂ ਲਟਕ ਰਹੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਜੋਰਦਾਰ ਢੰਗ ਨਾਲ ਗੱਲ ਰੱਖਣ ਲਈ ਅਪੀਲ ਕੀਤੀ। ਜਿਸ ਨੂੰ ਪ੍ਰਵਾਨ ਕਰਦੇ ਹੋਏ ਪ੍ਰਧਾਨ ਕਾਲਕਾ ਨੇ ਇਹ ਐਲਾਨ ਕੀਤੇ। ਸਰਦਾਰ ਕਾਲਕਾ 18 ਅਕਤੂਬਰ ਸ਼ਾਮ ਨੂੰ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਚ ਹੋ ਰਹੇ ਧਰਮ ਯੁੱਧ ਮੋਰਚਾ ਚੇਤਨਾ ਸਮਾਗਮ ਵਿੱਚ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਅਪੀਲ ਵੀ ਕੀਤੀ। ਦਿੱਲੀ ਕਮੇਟੀ ਦੇ ਰਾਗੀ ਜੱਥੇ, ਢਾਡੀ ਜੱਥੇ, ਕਥਾਵਾਚਕ ਅਤੇ ਪ੍ਰਚਾਰਕ ਸਾਹਿਬਾਨ ਆਉਂਦੇ ਸਮੇਂ ਵਿੱਚ ਮੋਰਚੇ ਵਿਚ ਹਾਜ਼ਰੀ ਭਰਨਗੇ ਅਤੇ ਸੰਗਤਾਂ ਨੂੰ ਜਾਗਰੁਕ ਕਰਨਗੇ। ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਦੋ ਦਿਨ ਚੱਲੀਆਂ ਇਹਨਾਂ ਮੀਟਿੰਗਾਂ ਨੂੰ ਸਾਰਥਕ ਅਤੇ ਕੌਮ ਦੇ ਭਲੇ ਲਈ ਲਾਹੇਵੰਦ ਦੱਸਦੇ ਹੋਏ, ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਭਾਈ ਗੁਰਨਾਮ ਸਿੰਘ ਖਾਲਸਾ ਬਟਾਲਾ ਅਤੇ ਭਾਈ ਕੰਵਲਜੀਤ ਸਿੰਘ ਬਿਜਲੀਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










