ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਤਮਗ਼ਾ ਜਿੱਤ ਕੇ ਪੰਜਾਬ ਪਰਤੇ ਜਗਸ਼ੇਰ ਸਿੰਘ ਖੰਗੂੜਾ ਦਾ ਸ਼ਾਹਾਨਾ ਸਵਾਗਤ
ਮੀਤ ਹੇਅਰ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਮੁਹਾਲੀ ਹਵਾਈ ਅੱਡੇ ਉਤੇ ਕੀਤਾ ਗਿਆ ਸਵਾਗਤ
ਪੰਜਾਬ ਸੂਬਾ ਬੈਡਮਿੰਟਨ ਖੇਡ ਦੀ ਨਵੀਂ ਹੱਬ ਬਣਿਆ: ਮੀਤ ਹੇਅਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ: ਮਿਸਰ ਦੇ ਸ਼ਹਿਰ ਕਾਹਿਰਾ ਵਿਖੇ ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਬੀਤੀ ਦੇਰ ਰਾਤ ਪੰਜਾਬ ਪਰਤੇ ਜਗਸ਼ੇਰ ਸਿੰਘ ਖੰਗੂੜਾ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉਤੇ ਸ਼ਾਹਾਨਾ ਸਵਾਗਤ ਕੀਤਾ ਗਿਆ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਦੀ ਅਗਵਾਈ ਵਿੱਚ ਹੋਏ ਇਸ ਸਵਾਗਤ ਵਿੱਚ ਜਗਸ਼ੇਰ ਸਿੰਘ ਦੇ ਮਾਪੇ, ਰਿਸ਼ਤੇਦਾਰ, ਸਨੇਹੀ, ਬੈਡਮਿੰਟਨ ਖਿਡਾਰੀ, ਕੋਚ, ਐਸੋਸੀਏਸ਼ਨ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਮੀਤ ਹੇਅਰ ਜੋ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਖੁਦ ਬੈਡਮਿੰਟਨ ਖਿਡਾਰੀ ਵੀ ਹਨ, ਨੇ ਜਗਸ਼ੇਰ ਸਿੰਘ ਖੰਗੂੜਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪੰਜਾਬ ਦਾ ਪਹਿਲਾ ਅਤੇ ਦੇਸ਼ ਦਾ ਨੌਵਾਂ ਬੈਡਮਿੰਟਨ ਖਿਡਾਰੀ ਹੈ, ਜਿਸ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਕੋਈ ਤਮਗ਼ਾ ਜਿੱਤਿਆ। ਮਿਸਰ ਵਿਖੇ ਭਾਰਤੀ ਬੈਡਮਿੰਟਨ ਟੀਮ ਵੱਲੋਂ ਇਹੋ ਇਕਲੌਤਾ ਤਮਗ਼ਾ ਜਿੱਤਿਆ ਗਿਆ। ਮੀਤ ਹੇਅਰ ਨੇ ਕਿਹਾ ਕਿ ਜਗਸ਼ੇਰ ਛੋਟੀ ਉਮਰ ਤੋਂ ਬਿਹਤਰ ਖੇਡਦਾ ਆ ਰਿਹਾ ਹੈ ਅਤੇ 17 ਵਰ੍ਹਿਆਂ ਦੀ ਉਮਰੇ ਅੰਡਰ 19 ਟੂਰਨਾਮੈਂਟ ਵਿੱਚ ਤਮਗ਼ਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਹੁਣ ਬੈਡਮਿੰਟਨ ਖੇਡ ਦੀ ਹੱਬ ਬਣਦਾ ਜਾ ਰਿਹਾ ਹੈ। ਧਰੁਵ ਕਪਿਲਾ, ਤਨਵੀ ਸ਼ਰਮਾ ਤੇ ਹੁਣ ਜਗਸ਼ੇਰ ਸਿੰਘ ਖੰਗੂੜਾ ਪੰਜਾਬ ਦੀ ਬੈਡਮਿੰਟਨ ਦਾ ਸੁਨਹਿਰੀ ਭਵਿੱਖ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਗਿਆ ਹੈ ਜਿਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਪੰਜਾਬ ਹੁਣ ਤੱਕ ਹਾਕੀ, ਅਥਲੈਟਿਕਸ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ ਤੇ ਕ੍ਰਿਕਟ ਲਈ ਜਾਣਿਆ ਜਾਂਦਾ ਸੀ ਅਤੇ ਹੁਣ ਬੈਡਮਿੰਟਨ ਖੇਡ ਇਸ ਲੜੀ ਵਿੱਚ ਜੁੜ ਗਈ ਹੈ।
ਜਗਸ਼ੇਰ ਸਿੰਘ ਖੰਗੂੜਾ ਨੇ ਆਪਣੇ ਸਵਾਗਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਉਸ ਨੂੰ ਅਗਲੇ ਮੁਕਾਬਲਿਆਂ ਵਿੱਚ ਹੋਰ ਵਧੀਆ ਕਰਨ ਦੀ ਪ੍ਰੇਰਨਾ ਮਿਲੇਗੀ। ਜਗੇਸ਼ਰ ਸਿੰਘ ਖੰਗੂੜਾ ਨੇ ਕਿਹਾ ਕਿ ਮਿਸਰ ਵਿਖੇ ਇਸ ਵਾਰ ਕਾਂਸੀ ਦਾ ਤਮਗ਼ਾ ਜਿੱਤਿਆ ਅਤੇ ਅਗਲੀ ਵਾਰ ਉਹ ਤਮਗ਼ੇ ਦਾ ਰੰਗ ਬਦਲਣ ਲਈ ਸਖਤ ਮਿਹਨਤ ਕਰੇਗਾ। ਰਿਤਿਨ ਖੰਨਾ ਨੇ ਮੀਤ ਹੇਅਰ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਬੈਡਮਿੰਟਨ ਖਿਡਾਰੀਆਂ ਦਾ ਹੌਸਲਾ ਵਧਿਆ ਹੈ।
ਇਸ ਮੌਕੇ ਜਗਸ਼ੇਰ ਦੇ ਪਿਤਾ ਮਨਪ੍ਰੀਤ ਸਿੰਘ, ਮਾਤਾ ਰਛਪਾਲ ਕੌਰ, ਭੈਣ ਡਾ. ਸਹਿਜ ਨੂਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










