ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਮਰਿਯਾਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਪੁਰਬ (ਮਹੱਲਾ) ਮਾਨਯੋਗ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਪੂਰੇ ਜਾਹੋ-ਜਲਾਲ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਵੱਡੇ ਪੱਧਰ ‘ਤੇ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਬੰਧਕ ਡਾ. ਸ. ਵਿਜੇ ਸਤਬੀਰ ਸਿੰਘ ਜੀ I.A.S.(R.) ਨੇ ਦੱਸਿਆ ਕਿ ਮਿਤੀ 11 ਅਕਤੂਬਰ 2026 ਤੋਂ ਰੋਜ਼ਾਨਾ ਰਾਤ 9:00 ਵਜੇ ਤੋਂ 12:00 ਵਜੇ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚਿਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਜੁੱਧਮਈ (ਚੰਡੀ) ਬਾਣੀ ਦੇ ਪਾਠ ਕੀਤੇ ਜਾ ਰਹੇ ਸਨ। ਅੱਜ ਮਿਤੀ 20 ਅਕਤੂਬਰ 2026 ਨੂੰ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਨਿਰਮਲੇ ਵੱਲੋਂ ਇਸ ਪਾਠ ਦੀ ਸੰਪੂਰਨਤਾ (ਸਮਾਪਤੀ) ਕੀਤੀ ਗਈ। ਇਸ ਉਪਰੰਤ ਗੁਰੂ ਸਾਹਿਬ ਜੀ ਦੇ ਇਤਿਹਾਸਕ ਸ਼ਸਤਰਾਂ ਨੂੰ ਪੂਜਨ ਅਤੇ ਤਿਲਕ ਆਦਿ ਕਰਨ ਦੀ ਰਸਮ ਬੜੀ ਸ਼ਰਧਾ ਭਾਵਨਾ ਨਾਲ ਅਦਾ ਕੀਤੀ ਗਈ।

ਸ਼ਾਮ ਠੀਕ 4:00 ਵਜੇ ਮੀਤ ਜਥੇਦਾਰ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਵੱਲੋਂ ਪਰੰਪਰਾਗਤ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਮਹੱਲੇ ਦੀ ਆਰੰਭਤਾ ਹੋਈ। ਇਸ ਵਿਸ਼ਾਲ ਮਹੱਲੇ ਵਿੱਚ ਗੁਰੂ ਸਾਹਿਬ ਜੀ ਦੇ ਨਿਸ਼ਾਨ ਸਾਹਿਬ, ਘੋੜੇ, ਨਗਾਰੇ, ਕੀਰਤਨੀ ਜਥੇ, ਗੱਤਕਾ ਪਾਰਟੀਆਂ, ਦਲ-ਪੰਥਾਂ ਦੇ ਮੁਖੀ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸ਼ਾਮਿਲ ਹੋਈ ।
ਇਹ ਮਹੱਲਾ ਆਪਣੇ ਪਰੰਪਰਾਗਤ ਮਾਰਗਾਂ ਤੋਂ ਹੁੰਦਾ ਹੋਇਆ ਹੱਲਾ ਬੋਲ ਚੌਕ (ਮਹਾਵੀਰ ਚੌਕ) ਵਿਖੇ ਪੁੱਜਿਆ, ਜਿੱਥੇ ਪੁਰਾਤਨ ਰਵਾਇਤ ਅਨੁਸਾਰ ਅਰਦਾਸ ਕਰਕੇ ‘ਹੱਲਾ’ ਖੇਡਿਆ ਗਿਆ। ਇਸ ਉਪਰੰਤ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੁੱਜਿਆ, ਜਿੱਥੇ ਭਜਨ-ਕੀਰਤਨ ਤੋਂ ਬਾਅਦ ਰਵਾਇਤੀ ਮਾਰਗਾਂ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਪਹੁੰਚਿਆ, ਉੱਥੇ ਭਜਨ-ਪੂਜਨ ਅਤੇ ਅਰਦਾਸ ਕਰਨ ਉਪਰੰਤ ਦੇਰ ਰਾਤ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਇਸ ਮਹੱਲੇ ਦੀ ਸਮਾਪਤੀ ਹੋਵੇਗੀ।
ਡਾ. ਸ. ਵਿਜੇ ਸਤਬੀਰ ਸਿੰਘ ਜੀ ਨੇ ਅੱਗੇ ਦੱਸਿਆ ਕਿ ਅੱਜ ਦੇ ਇਸ ਮਹੱਲੇ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ (ਨਿਹੰਗ ਸਿੰਘ ਜਥੇਬੰਦੀਆਂ), ਸਮੂਹ ਦਲ-ਪੰਥਾਂ ਦੇ ਜਥੇਦਾਰ ਸਾਹਿਬਾਨ ਅਤੇ ਉਨ੍ਹਾਂ ਦੇ ਘੋੜੇ ਤੇ ਹਾਥੀ ਸੰਗਤਾਂ ਲਈ ਮੁੱਖ ਆਕਰਸ਼ਣ ਦਾ ਕੇਂਦਰ ਬਣੇ ਰਹੇ।
ਇਸ ਮੌਕੇ ਪ੍ਰਬੰਧਕ ਸਾਹਿਬ ਦੇ ਸਲਾਹਕਾਰ ਸ. ਜਸਵੰਤ ਸਿੰਘ ਬੌਬੀ, ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸ. ਰਵਿੰਦਰ ਸਿੰਘ ਕਪੂਰ, ਸਹਾ. ਸੁਪਰਡੈਂਟ ਸ. ਜੈਮਲ ਸਿੰਘ ਢਿੱਲੋਂ, ਸਹਾ. ਸੁਪਰਡੈਂਟ ਸ. ਬਲਵਿੰਦਰ ਸਿੰਘ ਫ਼ੌਜੀ ਸਮੇਤ ਗੁਰਦੁਆਰਾ ਸਾਹਿਬ ਦੇ ਸਮੂਹ ਮੁੱਖ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਵਿਸ਼ੇਸ਼ :- ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦੁਸਹਿਰਾ ਮਹੱਲਾ ਖੇਡਣ ਪਹੁੰਚੇ ਦਲ ਪੰਥ ਵੱਲੋਂ ਮਿਤੀ ੨੧.੧੦.੨੦੨੬ ਨੂੰ ਸ਼ਾਮ ੪:੦੦ ਵਜੇ ਗੁਰਦੁਆਰਾ ਬਾਉਲੀ ਸਾਹਿਬ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਖੁੱਲੇ ਮੈਦਾਨ ਵਿੱਖੇ ਘੋੜ ਦੌੜ, ਨੇਜਾ ਬਾਜੀ ਦੇ ਜੌਹਰ ਦਿਖਾਏ ਜਾਣਗੇ ।
ਸੁਪਰਡੈਂਟ,
ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










