ਵਪਾਰਕ ਜਹਾਜ਼ ਐੱਮ.ਵੀ. ਓਮੋਰਫੀ ‘ਤੇ ਹਮਲੇ ਨੂੰ ਲੈ ਕੇ ਭਾਰਤ ਦਾ ਸਖ਼ਤ ਰੁਖ਼
ਨਵੀਂ ਦਿੱਲੀ, : ਭਾਰਤ ਸਰਕਾਰ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਯੂਕਰੇਨ ਦੇ ਰਾਜਦੂਤ ਓਲੈਕਸੰਦਰ ਪੋਲਿਸ਼ਚੁਕ ਨੂੰ ਤਲਬ ਕੀਤਾ ਅਤੇ ਵਪਾਰਕ ਜਹਾਜ਼ ਐੱਮ.ਵੀ. ਓਮੋਰਫੀ ‘ਤੇ ਹੋਏ ਹਮਲੇ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਹਮਲੇ ਵਿੱਚ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਸੀ। ਇਸ ਦੌਰਾਨ ਭਾਰਤ ਨੇ ਵਪਾਰਕ ਸ਼ਿਪਿੰਗ ਨੂੰ ਨਿਸ਼ਾਨਾ ਬਣਾਉਣ ‘ਤੇ ਆਪਣੀ “ਗੰਭੀਰ ਚਿੰਤਾ” ਜ਼ਾਹਰ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਘਟਨਾਵਾਂ ਸਮੁੰਦਰੀ ਸੁਰੱਖਿਆ ਅਤੇ ਆਲਮੀ ਵਪਾਰ ਲਈ ਵੱਡੇ ਖਤਰੇ ਪੈਦਾ ਕਰਦੀਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨੀ ਰਾਜਦੂਤ ਨੂੰ ਕਿਹਾ ਗਿਆ ਹੈ ਕਿ ਉਹ ਵਪਾਰਕ ਜਹਾਜ਼ ‘ਤੇ ਹੋਏ ਹਮਲੇ ਬਾਰੇ ਭਾਰਤ ਦੀਆਂ ਚਿੰਤਾਵਾਂ ਯੂਕਰੇਨੀ ਅਧਿਕਾਰੀਆਂ ਤੱਕ ਪਹੁੰਚਾਉਣ। ਵਿਦੇਸ਼ ਮੰਤਰਾਲੇ ਨੇ ਕਿਹਾ,”ਰਾਜਦੂਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਯੂਕਰੇਨੀ ਅਧਿਕਾਰੀਆਂ ਨੂੰ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾਉਣ ਅਤੇ ਇਸ ਗੱਲ ‘ਤੇ ਜ਼ੋਰ ਦੇਣ ਕਿ ਬੇਦੋਸ਼ੇ ਮਲਾਹਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਕਿਸੇ ਵੀ ਕੀਮਤਰ ਉੱਤੇ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆ। ਇਨ੍ਹਾਂ ਤੋਂ ਬਚਿਆ ਜਾਣਾ ਚਾਹੀਦਾ ਹੈ।” ਮੰਤਰਾਲੇ ਨੇ ਵਪਾਰਕ ਜਹਾਜ਼ਾਂ ‘ਤੇ ਹਮਲਿਆਂ ਦੀ “ਸਖ਼ਤ ਸ਼ਬਦਾਂ ਵਿੱਚ” ਨਿਖੇਧੀ ਕੀਤੀਹੈ। ਇਹ ਡਿਪਲੋਮੈਟਿਕ ਕਦਮ ਉਸ ਘਟਨਾ ਦੇ ਤਿੰਨ ਦਿਨ ਬਾਅਦ ਆਇਆ ਹੈ ਜਦੋਂ ਭਾਰਤ ਨੇ 18 ਜੁਲਾਈ ਨੂੰ ਕਾਲੇ ਸਾਗਰ (ਬਲੈਕ ਸੀ) ਵਿੱਚੋਂ ਲੰਘ ਰਹੇ ਜਹਾਜ਼ ਐੱਮ.ਵੀ. ਓਮੋਰਫੀ ‘ਤੇ ਹੋਏ ਹਮਲੇ ਦੌਰਾਨ ਉਸ ‘ਤੇ ਸਵਾਰ ਇੱਕ ਭਾਰਤੀ ਕਰੂ ਮੈਂਬਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਸੀ। ਇਸ ਜਹਾਜ਼ ਵਿੱਚ ਤਿੰਨ ਭਾਰਤੀ ਨਾਗਰਿਕਾਂ ਸਮੇਤ ਕੁੱਲ 10 ਕਰੂ ਮੈਂਬਰ ਸਵਾਰ ਸਨ। ਇਸ ਦੌਰਾਨ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਅਤੇ ਬਾਕੀ ਦੋ ਸੁਰੱਖਿਅਤ ਕੱਢ ਲਏ ਗਏ ਸਨ। ਇਹ ਤਾਜ਼ਾ ਕਦਮ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਚੁੱਕਿਆ ਗਿਆ ਹੈ ਜਦੋਂ ਨਵੀਂ ਦਿੱਲੀ ਨੇ ਰੂਸ-ਯੂਕਰੇਨ ਸੰਘਰਸ਼ ਵਿੱਚ ਸ਼ਾਮਲ ਕਿਸੇ ਦੇਸ਼ ਦੇ ਰਾਜਦੂਤ ਨੂੰ ਭਾਰਤੀ ਮਲਾਹਾਂ ਨੂੰ ਲੈ ਕੇ ਜਾਣ ਵਾਲੇ ਵਪਾਰਕ ਜਹਾਜ਼ਾਂ ‘ਤੇ ਹੋਏ ਹਮਲਿਆਂ ਕਾਰਨ ਤਲਬ ਕੀਤਾ ਹੈ। 21 ਜੁਲਾਈ ਨੂੰ, ਭਾਰਤ ਨੇ ਯੂਕਰੇਨ ਦੀ ਓਡੇਸਾ ਬੰਦਰਗਾਹ ਤੋਂ ਰਵਾਨਾ ਹੋਣ ਵੇਲੇ ਬਲਕ ਕੈਰੀਅਰ ਐੱਮ.ਵੀ. ਗੋਲਡਨ ਲੀਓ ‘ਤੇ ਹੋਏ ਮਿਜ਼ਾਈਲ ਹਮਲੇ ਵਿੱਚ ਚਾਰ ਭਾਰਤੀ ਕਰੂ ਮੈਂਬਰਾਂ ਦੀ ਮੌਤ ਤੋਂ ਬਾਅਦ ਇੱਕ ਸੀਨੀਅਰ ਰੂਸੀ ਡਿਪਲੋਮੈਟ ਨੂੰ ਤਲਬ ਕੀਤਾ ਸੀ। ਨਵੀਂ ਦਿੱਲੀ ਨੇ ਉਸ ਹਮਲੇ ਨੂੰ “ਨਿੰਦਣਯੋਗ” ਕਰਾਰ ਦਿੱਤਾ ਸੀ ਅਤੇ ਜਵਾਬਦੇਹੀ ਦੀ ਮੰਗ ਕੀਤੀ ਸੀ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










