ਨਵੀਂ ਦਿੱਲੀ 20 ਅਗਸਤ, 2026: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਬਾਲਾ ਪ੍ਰੀਤਮ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਸਦਕਾ, ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਖੇ ਅਤਿ-ਆਧੁਨਿਕ ਕੈਥ ਲੈਬ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਕੈਥ ਲੈਬ ਦਾ ਉਦਘਾਟਨ ਸਮਾਰੋਹ 21 ਅਗਸਤ 2026 ਨੂੰ ਸਵੇਰੇ 11 ਵਜੇ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਵੀ ਸਮਾਗਮ ਦੀ ਸੌ਼ਭਾ ਵਧਾਉਣਗੇ।
ਸਰਦਾਰ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਨੁੱਖਤਾ ਨੂੰ ਨਿਸ਼ਕਾਮ ਸੇਵਾ, ਦਇਆ ਅਤੇ ਲੋੜਵੰਦਾਂ ਦੀ ਮਦਦ ਦਾ ਮਹਾਨ ਸੰਦੇਸ਼ ਦਿੱਤਾ ਹੈ। ਇਸੇ ਸੇਵਾ-ਭਾਵਨਾ ਨੂੰ ਅੱਗੇ ਵਧਾਉਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ।

ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਕੈਥ ਲੈਬ ਰਾਹੀਂ ਦਿਲ ਦੇ ਰੋਗਾਂ ਨਾਲ ਪੀੜਤ ਮਰੀਜ਼ਾਂ ਨੂੰ ਆਧੁਨਿਕ ਮੈਡੀਕਲ ਤਕਨੀਕ ਅਤੇ ਸਹੂਲਤਾਂ ਨਾਲ ਗੁਣਵੱਤਾਪੂਰਨ ਇਲਾਜ ਦੀਆਂ ਸੇਵਾਵਾਂ ਬਹੁਤ ਘੱਟ ਖਰਚੇ ’ਤੇ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਖ਼ਾਸ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ।
ਸਰਦਾਰ ਕਾਲਕਾ ਨੇ ਕਿਹਾ ਕਿ ਦਿਲ ਦੇ ਰੋਗਾਂ ਦਾ ਇਲਾਜ ਅਕਸਰ ਆਮ ਪਰਿਵਾਰਾਂ ਲਈ ਵੱਡਾ ਆਰਥਿਕ ਬੋਝ ਬਣ ਜਾਂਦਾ ਹੈ ਅਜਿਹੇ ਸਮੇਂ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਖੇ ਕੈਥ ਲੈਬ ਦੀ ਸਥਾਪਨਾ ਨਾ ਸਿਰਫ਼ ਮਰੀਜ਼ਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ, ਸਗੋਂ ਉਨ੍ਹਾਂ ਲਈ ਇਲਾਜ ਨੂੰ ਵਧੇਰੇ ਪਹੁੰਚਯੋਗ ਅਤੇ ਕਿਫ਼ਾਇਤੀ ਬਣਾਉਣ ਵਿੱਚ ਵੀ ਵਡਮੁੱਲਾ ਯੋਗਦਾਨ ਪਾਵੇਗੀ ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਨਾਲ-ਨਾਲ ਵਿੱਦਿਆ, ਸਿਹਤ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕੈਥ ਲੈਬ ਦੀ ਇਹ ਸਹੂਲਤ ਇਸੇ ਸੇਵਾ-ਪ੍ਰੰਪਰਾ ਦੀ ਇੱਕ ਹੋਰ ਮਹੱਤਵਪੂਰਨ ਕੜੀ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਭਵਿੱਖ ਵਿੱਚ ਵੀ ਸੰਗਤਾਂ ਅਤੇ ਸਮਾਜ ਦੇ ਲੋੜਵੰਦ ਵਰਗਾਂ ਨੂੰ ਹੋਰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰਦੀ ਰਹੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਕੈਥ ਲੈਬ ਹਜ਼ਾਰਾਂ ਲੋੜਵੰਦ ਮਰੀਜ਼ਾਂ ਲਈ ਰਾਹਤ ਅਤੇ ਆਸ ਦਾ ਕੇਂਦਰ ਬਣੇਗੀ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










