ਚੰਡੀਗੜ੍ਹ, 21 ਅਗਸਤ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁੜ ਇੱਕਜੁੱਟ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ-ਵੱਖ ਹੋ ਗਏ ਸਨ, ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦਿਨ-ਬ-ਦਿਨ ਵਿਗੜ ਰਹੀ ਕਾਨੂੰਨ ਤੇ ਵਿਵਸਥਾ (ਲਾਅ ਐਂਡ ਆਰਡਰ) ਦੀ ਸਥਿਤੀ ਅਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਹਨ ਕਿ ਦੋਵਾਂ ਧਿਰਾਂ ਨੂੰ ਮੁੜ ਇੱਕ ਨਾਲ ਆਉਣਾ ਚਾਹੀਦਾ ਹੈ।
ਆਪਣੀ ਭੈਣ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ.
ਵਿੱਚ ਵਾਪਸੀ ਦੇ ਦਿੱਤੇ ਸੰਕੇਤ ਤੋਂ ਇੱਕ ਦਿਨ ਬਾਅਦ, ਮਜੀਠੀਆ ਨੇ ਕਿਹਾ ਕਿ ਇਹ ਗੱਠਜੋੜ ਅੱਜ ਸੂਬੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ।
ਉਨ੍ਹਾਂ ਕਿਹਾ, “ਹਰਸਿਮਰਤ ਕੌਰ ਬਾਦਲ ਨੇ ਸੰਕੇਤ ਦਿੱਤਾ ਹੈ ਅਤੇ ਲੋਕ ਵੀ ਇਹੀ ਚਾਹੁੰਦੇ ਹਨ। ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਗੱਠਜੋੜ ਭਾਈਚਾਰੇ, ਅਮਨ-ਸ਼ਾਂਤੀ ਅਤੇ ਹਿੰਦੂ-ਸਿੱਖ ਏਕਤਾ ’ਤੇ ਅਧਾਰਿਤ ਸੀ, ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ’ਤੇ ਬੇਹੱਦ ਸਫ਼ਲ ਰਿਹਾ।”
ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ-ਵੱਖ ਹੋ ਗਏ ਸਨ, ਜੋ ਕਿ ਇੱਕ ਇਤਿਹਾਸਕ ਤੱਥ ਹੈ। ਉਨ੍ਹਾਂ ਕਿਹਾ, “ਅੱਜ ਪੰਜਾਬ ਦੇ ਸਰਹੱਦੀ ਹਾਲਾਤ, ਬਿਗੜ ਰਹੀ ਲਾਅ ਐਂਡ ਆਰਡਰ ਸਥਿਤੀ, ਹੋਰ ਮੁੱਖ ਮੁੱਦਿਆਂ, ਵਿਕਾਸ ਅਤੇ ਰੁਜ਼ਗਾਰ ਨੂੰ ਦੇਖਦਿਆਂ ਲੋਕ ਮੰਗ ਕਰ ਰਹੇ ਹਨ ਕਿ ਸਾਨੂੰ ਮੁੜ ਇੱਕਠੇ ਹੋਣਾ ਚਾਹੀਦਾ ਹੈ।”
ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ, ਪ੍ਰਗਤੀ ਅਤੇ ਲੋਕਾਂ ਦੀ ਭਲਾਈ ਲਈ ਜੋ ਗੱਠਜੋੜ ਪਹਿਲਾਂ ਮਦਦਗਾਰ ਸਾਬਤ ਹੋਏ ਸਨ, ਉਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ 1997 ਤੋਂ ਸ਼ੁਰੂ ਹੋਇਆ ਲਗਭਗ 23 ਸਾਲ ਦਾ ਗੱਠਜੋੜ 2020 ਵਿੱਚ ਖੇਤੀ ਕਾਨੂੰਨਾਂ ਦੇ ਵਿਵਾਦ ਕਾਰਨ ਟੁੱਟ ਗਿਆ ਸੀ। ਇਸ ਦੌਰਾਨ ਦੋਵਾਂ ਪਾਰਟੀਆਂ ਨੇ 1997, 2007 ਅਤੇ 2012 ਵਿੱਚ ਮਿਲ ਕੇ ਚੋਣਾਂ ਲੜੀਆਂ ਅਤੇ ਸਰਕਾਰਾਂ ਵੀ ਬਣਾਈਆਂ। ਮਜੀਠੀਆ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਜੋ ਕਿ ਗੱਠਜੋੜ ਟੁੱਟਣ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਪਹਿਲੀ ਨਿੱਜੀ ਮੁਲਾਕਾਤ ਦੱਸੀ ਜਾ ਰਹੀ ਹੈ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਆਉਣ ਵਾਲੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਰਸਮੀ ਤੌਰ ’ਤੇ ਮੁੜ ਇੱਕਜੁੱਟ ਹੋਣ ਦਾ ਐਲਾਨ ਕਰ ਸਕਦੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਗੱਠਜੋੜ ਮੁੜ ਹੁੰਦਾ ਹੈ ਤਾਂ ਇਸ ਦਾ ਪੰਜਾਬ ਦੀ ਆਉਣ ਵਾਲੀ ਚੋਣ ਸਿਆਸਤ ’ਤੇ ਵੱਡਾ ਅਸਰ ਪੈ ਸਕਦਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










