ਦਿੱਲੀ ਦੀ ਸੰਗਤ ’ਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਵੱਡਾ ਉਤਸ਼ਾਹ ਜਿਸ ਲਈ ਅਸੀਂ ਹਮੇਸ਼ਾ ਰਿਣੀ ਰਹਾਂਗੇ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਅਕਾਲੀ ਦਲ ਦੇ ਅਸਲ ਵਾਰਿਸ ਅਸੀਂ ਹਾਂ ਨਾ ਕਿ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਕਰਵਾਉਣ ਵਾਲੇ: ਕਾਲਕਾ, ਕਾਹਲੋਂ
ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਨਾਮ ਸਿੰਘ ਖਾਲਸਾ, ਬਲਜੀਤ ਸਿੰਘ ਦਾਦੂਵਾਲ, ਜਸਬੀਰ ਸਿੰਘ ਰੋਡੇ, ਤਰਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਪੁੱਜੀਆਂ
ਨਵੀਂ ਦਿੱਲੀ, 25 ਅਗਸਤ: ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ ਇਥੇ ਤਾਲਕਟੋਰਾ ਸਟੇਡੀਅਮ ਵਿਚ ਮਨਾਇਆ ਗਿਆ ਜਿਸ ਦੌਰਾਨ ਦਿੱਲੀ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਸੈਲਾਬ ਉਮੜ ਪਿਆ।
ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿਚ ਸ਼ਾਮਲ ਹੋਣ ਲਈ ਸੰਗਤਾਂ ਵਿਚ ਨਿਵੇਕਲਾ ਹੀ ਉਤਸ਼ਾਹ ਸੀ। ਵੇਖਦੇ ਹੀ ਵੇਖਦੇ ਸਮੁੱਚਾ ਤਾਲਕਟੋਰਾ ਸਟੇਡੀਅਮ ਸੰਗਤਾਂ ਨਾਲ ਖਚਾਖਚ ਭਰ ਗਿਆ।

ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਹਰਿਆਣਾ ਕਮੇਟੀ ਤੋਂ ਗਿਆਨੀ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਜਸਬੀਰ ਸਿੰਘ ਰੋਡੇ ਸਮੇਤ ਅਨੇਕਾਂ ਉਚ ਕੋਟੀ ਦੀਆਂ ਸ਼ਖਸੀਅਤਾਂ ਪੁੱਜੀਆਂ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਦਿੱਲੀ ਸਟੇਟ ਪ੍ਰਧਾਨ ਐਮ ਪੀ ਐਸ ਚੱਢਾ, ਸੀਨ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਸ਼ਮਸ਼ੇਰ ਸਿੰਘ ਸੰਧੂ, ਰਵਿੰਦਰ ਸਿੰਘ ਖੁਰਾਣਾ, ਧਰਮ ਪ੍ਰਚਾਰ ਵਿੰਗ ਮੁਖੀ ਜਸਪ੍ਰੀਤ ਸਿੰਘ ਕਰਮਸਰ ਸਮੇਤ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜ ਸਾਲ ਪਹਿਲਾਂ 2022 ਵਿਚ ਇਹ ਪਾਰਟੀ ਉਸ ਵੇਲੇ ਸਥਾਪਿਤ ਕੀਤੀ ਗਈ ਸੀ ਜਦੋਂ 2021 ਦੀਆਂ ਦਿੱਲੀ ਕਮੇਟੀ ਚੋਣਾਂ ਤੋਂ ਬਾਅਦ ਸੰਗਤਾਂ ਵੱਲੋਂ ਦਿੱਤੇ ਫਤਵੇ ਨੂੰ ਅੱਖੋ ਪਰੋਖੇ ਕਰਨ ਦੇ ਯਤਨ ਉਸ ਵੇਲੇ ਦੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੇ। ਇਹਨਾਂ ਯਤਨਾਂ ਤੋਂ ਰੋਹ ਵਿਚ ਆ ਕੇ ਦਿੱਲੀ ਦੀਆਂ ਸੰਗਤਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਇਸ ਪਾਰਟੀ ਦੀ ਸਥਾਪਨਾ ਕੀਤੀ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ’ਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਜਿਸ ਲਈ ਅਸੀਂ ਹਮੇਸ਼ਾ ਸੰਗਤਾਂ ਦੇ ਰਿਣੀ ਰਹਾਂਗੇ। ਉਹਨਾਂ ਕਿਹਾ ਕਿ ਸੰਗਤਾਂ ਦਾ ਹੀ ਆਸ਼ੀਰਵਾਦ ਹੈ ਕਿ ਅਸੀਂ ਇਸ ਪਾਰਟੀ ਦੀ ਸਥਾਪਨਾ ਵੇਲੇ ਜੋ ਵਾਅਦੇ ਕੀਤੇ ਸਨ ਤੇ ਜੋ ਮਤੇ ਪਾਸ ਕੀਤੇ ਸਨ, ਅਸੀਂ ਉਹਨਾਂ ’ਤੇ ਇੰਨ ਬਿਨ ਪੂਰਾ ਪਹਿਰਾ ਦਿੰਦਿਆਂ ਖਰ੍ਹੇ ਉਤਰੇ ਹਾਂ। ਉਹਨਾਂ ਕਿਹਾ ਕਿ ਸਾਡੀ ਇਹ ਵੀ ਜ਼ਿੰਮੇਵਾਰੀ ਹੈ ਕਿ ਜੋ ਸਾਡੇ ਪੰਥ ’ਤੇ ਹਮਲਾ ਕਰ ਰਹੇ ਹਨ, ਉਸ ਤੋਂ ਬਚਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਸੰਗਤ ਦੇ ਸਹਿਯੋਗ ਨਾਲ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੇ ਹਾਂ।

ਉਹਨਾਂ ਕਿਹਾ ਕਿ ਭਾਵੇਂ ਉੱਤਰਾਖੰਡ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਲਈ ਮੁਸ਼ਕਿਲ ਆਈ ਜਾਂ ਹੋਰ ਕਿਤੇ ਵੀ ਕੋਈ ਕੌਮ ਨੂੰ ਕੋਈ ਮਸਲਾ ਦਰਪੇਸ਼ ਹੋਇਆ, ਅਸੀਂ ਹਰ ਥਾਂ ਪਹੁੰਚੇ ਅਤੇ ਪੰਥ ਦੀ ਲੜਾਈ ਡੱਟ ਕੇ ਲੜੀ ਹੈ ਜਿਸ ਵਾਸਤੇ ਸਾਨੂੰ ਤਾਕਤ ਸੰਗਤਾਂ ਖਾਸ ਤੌਰ ’ਤੇ ਪੰਥਕ ਸ਼ਖਸੀਅਤਾਂ ਤੋਂ ਮਿਲਦੀ ਹੈ।
ਉਹਨਾਂ ਕਿਹਾ ਕਿ ਸਾਡਾ ਇਹ ਪਾਰਟੀ ਸਥਾਪਿਤ ਕਰਨ ਦਾ ਮਕਸਦ ਇਹ ਸੀ ਕਿ ਜਦੋਂ 1920 ਵਿਚ ਸਾਡੇ ਵੱਡੇ ਵਡੇਰਿਆਂ ਨੇ ਸਾਡੀ ਇਹ ਪਾਰਟੀ ਕੁਰਬਾਨੀਆਂ ਦੇ ਕੇ ਜਿਸ ਮਕਸਦ ਵਾਸਤੇ ਬਣਾਈ, ਉਸ ਟੀਚੇ ’ਤੇ ਅਸੀਂ ਪਹਿਰਾ ਦੇ ਸਕੀਏ। ਉਹਨਾਂ ਕਿਹਾ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਵਾਰਸ ਅਸੀਂ ਹਾਂ ਨਾ ਕਿ ਉਹ ਲੋਕ ਜਿਹਨਾਂ ਨੇ ਬੇਅਦਬੀਆਂ ਕਰਵਾਈਆਂ ਤੇ ਪਾਰਟੀ ਦੇ ਸਿਧਾਂਤਾਂ ਨੂੰ ਖ਼ਤਮ ਕੀਤਾ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਹੀ ਦਿੱਲੀ ਵਿਚ ਉਹਨਾਂ ਲੋਕਾਂ ਨੂੰ ਮੁੜ ਸੀਨੇ ਨਾਲ ਲਗਾਇਆ ਹੈ ਜੋ ਦਿੱਲੀ ਵਿਚ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਸਨਮਾਨਤ ਕਰਦੇ ਰਹੇ ਹਨ।
ਉਹਨਾਂ ਕਿਹਾ ਕਿ ਇਹ ਸੰਗਤਾਂ ਦਾ ਹੀ ਵੱਡਮੁੱਲਾ ਸਹਿਯੋਗ ਹੈ ਜਿਸਦੀ ਬਦੌਲਤ ਅਸੀਂ ਨਾ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਅਧੀਨ ਨਾ ਸਿਰਫ ਧਾਰਮਿਕ ਖੇਤਰ ਵਿਚ ਲਾਮਿਸਾਲ ਕਾਰਜ ਕੀਤੇ ਬਲਕਿ ਸਿਹਤ, ਸਿੱਖਿਆ, ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਅਤੇ ਸਮਾਜ ਸੇਵਾ ਵਿਚ ਬਹੁਤ ਵੱਡੀਆਂ ਸੇਵਾਵਾਂ ਦੇਣ ਵਿਚ ਸਫਲਤਾ ਹਾਸਲ ਕੀਤੀ। ਉਹਨਾਂ ਦੱਸਿਆ ਕਿ ਇਹ ਸੰਗਤਾਂ ਦਾ ਹੀ ਆਸ਼ੀਰਵਾਦ ਹੈ ਜਿਸਦੀ ਬਦੌਲਤ ਕੁਝ ਸਮਾਂ ਪਹਿਲਾਂ ਹੀ ਬਣੀ ਇਹ ਪਾਰਟੀ ਅੱਜ ਦਿੱਲੀ ’ਚ ਪੰਥਕ ਰਾਜਨੀਤੀ ਵਿਚ ਧਰੁਵੀਕਰਨ ਦੀ ਵੱਡੀ ਸ਼ਕਤੀ ਵਜੋਂ ਉਭਰੀ ਹੈ।
ਉਹਨਾਂ ਕਿਹਾ ਕਿ ਕਮੇਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਰਾਗਾਂ ਵਿਚ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਵਿਚੋਂ ਚੁਣੇ ਜਾਂਦੇ ਸਰਵੋਤਮ ਰਾਗੀ ਸਿੰਘ ਨੂੰ ਸ਼੍ਰੋਮਣੀ ਕੀਰਤਨੀਏ ਐਵਾਰਡ ਦੀ ਸ਼ੁਰੂਆਤ ਕੀਤੀ ਜਿਸ ਤਹਿਤ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰੀਕੇ ਅਸੀਂ ਦਿੱਲੀ ਕਮੇਟੀ ਦੇ ਰਾਗੀਆਂ ਵਿਚੋਂ ਚੁਣੇ ਜਾਣ ਵਾਲੇ ਰਾਗੀ ਸਿੰਘ ਵਾਸਤੇ ਸਵਾ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੀ ਸ਼ੁਰੂਆਤ ਕੀਤੀ ਹੈ।
ਉਹਨਾਂ ਕਿਹਾ ਕਿ ਇਸ ਟੀਮ ਨੇ ਜਿਥੇ ਗੁਰਦੁਆਰਾ ਬਾਲਾ ਸਾਹਿਬ ਵਿਚ ਮੁਫਤ ਡਾਇਲਸਿਸ ਕੇਂਦਰ ਖੋਲ੍ਹਿਆ ਜਿਥੇ ਕੋਈ ਫੀਸ ਕਾਉਂਟਰ ਹੀ ਨਹੀਂ ਹੈ, ਉਥੇ ਹੀ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਸੈਂਟਰ ਦੀ ਸ਼ੁਰੂਆਤ ਕੀਤੀ। ਨਾਲ ਹੀ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਸਸਤੀਆਂ ਦਵਾਈਆਂ ਉਪਲਬਧ ਕਰਵਾਉਂਦੇ ਬਾਲਾ ਪ੍ਰੀਤਮ ਦਵਾਖਾਨੇ ਦਿੱਲੀ ਦੇ ਕੋਨੇ-ਕੋਨੇ ਵਿਚ ਖੋਲ੍ਹੇ। ਇੰਨਾ ਹੀ ਨਹੀਂ ਬਲਕਿ ਕੈਂਸਰ ਦੀ ਜਾਂਚ ਵਾਲੀ ਪੈਟ ਸਕੈਨ ਮਸ਼ੀਨ, ਮੈਮੋਗ੍ਰਾਫੀ ਮਸ਼ੀਨ, ਐਂਡੋਸਕੋਪੀ ਮਸ਼ੀਨ, ਤੇ ਹੁਣ ਗੁਰੂ ਹਰਿਕ੍ਰਿਸ਼ਨ ਮੈਡੀਕਲ ਇੰਸਟੀਚਿਊਟ ਵਿਚ ਕੈਥ ਲੈਬ ਦੀ ਸ਼ੁਰੂਆਤ ਕਰਵਾਈ ਹੈ। ਇਸੇ ਇੰਸਟੀਚਿਊਟ ਵਿਚ ਪਹਿਲਾਂ 50 ਬਿਸਤਰਿਆਂ ਦਾ ਹਸਪਤਾਲ ਸ਼ੁਰੂ ਕੀਤਾ ਗਿਆ ਜਿਥੇ ਓ ਪੀ ਡੀ ਸਹੂਲਤਾਂ ਬਿਲਕੁਲ ਨਾਮ ਮਾਤਰ ਫੀਸ ’ਤੇ ਉਪਲਬਧ ਹਨ।
ਇਸੇ ਤਰੀਕੇ ਇਸ ਟੀਮ ਨੇ ਸਿੱਖਿਆ ਖੇਤਰ ਵਿਚ ਵੀ ਲਾਮਿਸਾਲ ਕੰਮ ਕੀਤੇ ਖਾਸ ਤੌਰ ’ਤੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਕਮੇਟੀ ਦਾ ਗਠਨ ਕੀਤਾ ਅਤੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਕੀਤੇ। ਉਹਨਾਂ ਕਿਹਾ ਕਿ ਅਸੀਂ ਪੈਂਤੀ ਅੱਖਰੀ ਲੇਖਣੀ ਮੁਕਾਬਲਾ, ਜੀਵੇ ਮਾਂ ਬੋਲੀ ਪੰਜਾਬੀ, ਨੂਰ ਏ ਪੰਜਾਬੀ, ਸਫਰ ਏ ਪੰਜਾਬੀ, ਰੂਹ ਏ ਪੰਜਾਬ, ਪੰਜਾਬੀ ਅਧਿਆਪਕ ਸਨਮਾਨ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਅਤੇ ਸਭ ਤੋਂ ਵੱਡਾ ਉਪਰਾਲਾ ਗਰਮੀ ਦੀਆਂ ਛੁੱਟੀਆਂ ਵਿਚ ਗੁਰਮਤਿ ਕੈਂਪ ਲਗਾਉਣਾ ਸੀ। ਸ਼ੁਰੂਆਤੀ ਦੌਰ ਵਿਚ ਇਹਨਾਂ ਕੈਂਪਾਂ ਵਿਚ 4 ਹਜ਼ਾਰ ਵਿਦਿਆਰਥੀ ਪੁੱਜੇ, ਫਿਰ 8 ਹਜ਼ਾਰ, ਫਿਰ 14 ਹਜ਼ਾਰ ਤੇ ਇਸ ਵਾਰ 2026 ਦੀਆਂ ਗਰਮੀ ਦੀਆਂ ਛੁੱਟੀਆਂ ਵਿਚ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਇਹਨਾਂ ਕੈਂਪਾਂ ਦਾ ਹਿੱਸਾ ਬਣੇ। ਇਹਨਾਂ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਕਿਤਾਬਾਂ ਤਿਆਰ ਕਰਵਾਈਆਂ ਗਈਆਂ, ਇਹਨਾਂ ਵਿਦਿਆਰਥੀਆਂ ਨੂੰ ਗੁਰਬਾਣੀ ਪੜ੍ਹਨ, ਉਚਾਰਣ ਕਰਨ ਤੇ ਕੀਰਤਨ ਕਰਨ ਵਰਗੀ ਸਿੱਖਲਾਈ ਦਿੱਤੀ ਗਈ ਤੇ ਗੁਰਬਾਣੀ ਕੰਠ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀਆਂ ਦੇ ਕੇ ਉਤਸ਼ਾਹਿਤ ਕੀਤਾ ਗਿਆ ਅਤੇ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਉਹਨਾਂ ਕਿਹਾ ਕਿ ਇਸ ਟੀਮ ਵੱਲੋਂ ਅਧਿਆਪਕਾਂ ਨੂੰ ਵੀ ਸਮੇਂ-ਸਮੇਂ ’ਤੇ ਸਨਮਾਨਤ ਕਰ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਉਹਨਾਂ ਕਿਹਾ ਕਿ ਇਸ ਟੀਮ ਦੀ ਇਕ ਹੋਰ ਵੱਡੀ ਪ੍ਰਾਪਤੀ ਭਾਰਤ ਸਰਕਾਰ ਨਾਲ 101 ਕਰੋੜ ਰੁਪਏ ਦਾ ਹੁਨਰ ਸਿੱਖਲਾਈ ਕੇਂਦਰ ਸਥਾਪਿਤ ਕਰਵਾਉਣਾ ਰਹੀ। ਇਸਦੇ ਨਾਲ ਹੀ ਟੀਮ ਨੇ ਕੈਰੀਅਰ ਗਾਈਡੈਂਸ ਕੈਂਪਾਂ ਦੀ ਸ਼ੁਰੂਆਤ ਕੀਤੀ ਜਿਸ ਵਿਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਦਿਲਚਸਪੀ ਮੁਤਾਬਕ ਕੈਰੀਅਰ ਚੁਣਨ ਵਾਸਤੇ ਮਾਰਗ ਦਰਸ਼ਨ ਕੀਤਾ ਗਿਆ।
ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਅਨੇਕਾਂ ਵਿਦਿਅਕ ਮੁਕਾਬਲੇ ਕਰਵਾਏ ਗਏ ਜਿਸਦੇ ਸਾਰਥਕ ਨਤੀਜੇ ਸਾਹਮਣੇ ਆਏ।
ਉਹਨਾਂ ਕਿਹਾ ਕਿ ਸਿੱਖਿਆ ਖੇਤਰ ਵਿਚ ਇਕ ਕ੍ਰਾਂਤੀਕਾਰੀ ਫੈਸਲਾ ਇਹ ਲਿਆ ਕਿ ਜਿਹੜੇ ਪਰਿਵਾਰ ਸੰਪੂਰਨ ਤੌਰ ’ਤੇ ਅੰਮ੍ਰਿਤਧਾਰੀ ਹੋਣਗੇ, ਉਹਨਾਂ ਦੇ ਬੱਚਿਆਂ ਦੀ ਫੀਸ ਦਿੱਲੀ ਗੁਰਦੁਆਰਾ ਕਮੇਟੀ ਅਦਾ ਕਰੇਗੀ, ਇਸ ਫੈਸਲੇ ਦੀ ਸੰਗਤਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਧਾਰਮਿਕ ਖੇਤਰ ਵਿਚ ਤਾਂ ਇਸ ਟੀਮ ਦੀਆਂ ਪ੍ਰਾਪਤੀਆਂ ਦਾ ਵਰਣਨ ਸ਼ਬਦਾਂ ਵਿਚ ਕਰਨਾ ਬਹੁਤ ਔਖਾ ਹੈ। ਟੀਮ ਵੱਲੋਂ
ਧੰਨਵੰਤੀ ਲੇਖਾਰੀ ਨਾਨਕਾ, ਤੂੰ ਸਤਵੰਤੀ ਤੂੰ ਪ੍ਰਧਾਨ, ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਟੀਮ ਨੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨਾਲ ਮਿਲ ਕੇ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਲਾਲ ਕਿਲ੍ਹੇ ’ਤੇ ਜਦੋਂ ਮਨਾਇਆ ਗਿਆ ਤਾਂ ਦੁਨੀਆਂ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ। ਇਹ ਪ੍ਰੋਗਰਾਮ ਮੀਲ ਦਾ ਪੱਥਰ ਸਾਬਤ ਹੋਏ। ਇਸ ਤਰੀਕੇ ਆਪਣੇ ਦਿਹਾੜੇ ਕੌਮਾਂਤਰੀ ਪੱਧਰ ’ਤੇ ਮਨਾ ਕੇ ਟੀਮ ਨੇ ਉਹ ਜੱਸ ਖੱਟਿਆ ਜਿਸਦੀ ਕਲਪਨਾ ਵੀ ਕਰਨੀ ਪਹਿਲਾਂ ਸੰਭਵ ਨਹੀਂ ਸੀ। ਉਹਨਾਂ ਕਿਹਾ ਕਿ ਇਹਨਾਂ ਦਿਹਾੜਿਆਂ ਨੂੰ ਹੀ ਸਮਰਪਿਤ ਸਹਿਜ ਪਾਠਾਂ ਦੀ ਲੜੀ ਵੀ ਆਰੰਭੀ ਗਈ। ਜਿਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਸਨ, ਉਹਨਾਂ ਨੂੰ ਪੋਥੀਆਂ ਤੇ ਸੈਂਚੀਆਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਵਿਚ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ,ਮਾਣਯੋਗ ਉਪ ਰਾਸ਼ਟਰਪਤੀ ਸ੍ਰੀ ਸੀ ਪੀ ਰਾਧਾਕ੍ਰਿਸ਼ਨਨ, ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ, ਦਿੱਲੀ ਦੇ ਮਾਣਯੋਗ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ, ਦਿੱਲੀ ਦੇ ਮਾਣਯੋਗ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਸਮੇਤ ਅਨੇਕਾਂ ਉਚ ਕੋਟੀ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਟੀਮ ਵੱਲੋਂ ਆਲ ਇੰਡੀਆ ਪੰਥਕ ਕਨਵੈਨਸ਼ਨ ਦਾ ਆਯੋਜਨ ਵੀ ਕੀਤਾ ਗਿਆ।
ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇਸ ਟੀਮ ਨੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਵੱਲੋਂ ਵਰੋਸਾਏ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਤੇ ਸਮੁੱਚੀ ਟੀਮ ਨਾਲ ਮਿਲ ਕੇ ਗੁਰਦੁਆਰਾ ਕੰਪਲੈਕਸਾਂ ਵਿਚ ਕਾਰ ਸੇਵਾ ਰਾਹੀਂ ਵੱਡੇ ਢਾਂਚੇ ਖੜ੍ਹੇ ਕੀਤੇ। ਜਿਥੇ ਮਾਤਾ ਸੁੰਦਰੀ ਜੀ ਕੰਪਲੈਕਸ ਵਿਚ ਮੁਲਾਜ਼ਮਾਂ ਵਾਸਤੇ ਕੁਆਰਟਰ ਬਣਾਏ ਜਾ ਰਹੇ ਹਨ, ਉਥੇ ਹੀ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਦੀ ਸੇਵਾ, ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਦਰਬਾਰ ਹਾਲ ਦਾ ਸੁੰਦਰੀਕਰਨ ਕਰਨ ਸਮੇਤ ਅਨੇਕਾਂ ਕਾਰਜ ਆਰੰਭੇ ਗਏ ਤੇ ਪ੍ਰਵਾਨ ਚੜ੍ਹਾਏ ਗਏ। ਇਸੇ ਤਰੀਕੇ ਜਦੋਂ ਸਾਲ 2025 ਵਿਚ ਜਦੋਂ ਪੰਜਾਬ ਦਾ ਮਾਝਾ ਖੇਤਰ ਹੜ੍ਹਾਂ ਦੀ ਮਾਰ ਹੇਠ ਆਇਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੀ ਇਹ ਟੀਮ ਪ੍ਰਭਾਵਤ ਇਲਾਕੇ ਵਿਚ ਪਹੁੰਚੀ ਅਤੇ ਲੋਕਾਂ ਨੂੰ ਰਾਸ਼ਨ, ਦਵਾਈਆਂ, ਘਰੇਲੂ ਸਮਾਨ ਸਮੇਤ ਹਰ ਲੋੜੀਂਦਾ ਸਮਾਨ ਉਪਲਬਧ ਕਰਵਾਇਆ। ਇਸ ਟੀਮ ਵੱਲੋਂ ਦਿੱਲੀ ਵਿਚ ਵੀ ਸਮੇਂ-ਸਮੇਂ ’ਤੇ ਸਮਾਜ ਸੇਵਾ ਦੇ ਕਾਰਜ ਕਰਵਾਏ ਗਏ। ਇਸ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਅਤੇ ਸਾਚੇ ਮੇਲ ਮਿਲਾਏ ਪ੍ਰੋਗਰਾਮਾਂ ਦਾ ਸਫਲ ਆਯੋਜਨ ਕੀਤਾ ਗਿਆ।
ਅੱਜ ਇਸ ਪ੍ਰੋਗਰਾਮ ਵਿਚ ਸਰਦਾਰ ਭੁਪਿੰਦਰ ਸਿੰਘ ਭੁੱਲਰ ਨੇ ਸਟੇਜ ਸੰਚਾਲਨ ਕੀਤਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










