ਅੱਜ ਭਾਰਤ ਦੀ ਯੁਵਾ ਸ਼ਕਤੀ, ਜੈਨ ਜ਼ੀ ਸੰਵਾਦ ਅਤੇ ‘ਵਸੁਧੈਵ ਕੁਟੁੰਬਕਮ’ ਦਾ ਨਵਾਂ ਵਿਸ਼ਵਾਸ ਅਤੇ ਲੋਕਤੰਤਰ ਵਿੱਚ ਆਸਥਾ ਦਾ ਇਤਿਹਾਸਿਕ ਪਲ ਹੈ। ਵਕਤ ਦੀ ਇਹ ਪੁਕਾਰ ਵੀ ਲੋਕਤੰਤਰ ਦੀ ਧੜਕਣ ਹੈ। ਭਾਰਤ ਤੇ ਲੋਕਤੰਤਰ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਨਹੀਂ ਕਿ ਇੱਥੇ ਵਿਚਾਰ ਇੱਕੋ ਜਿਹੇ ਹਨ ਬਲਕਿ ਖੂਬਸੂਰਤੀ ਇਹ ਹੈ ਕਿ ਵੱਖਰੇ ਵਿਚਾਰਾਂ ਦੇ ਬਾਵਜੂਦ ਦੇਸ਼ ਇੱਕ ਹੈ। ਇਹ ਹੀ ਸਾਡੇ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ ਹੈ।
ਇਸ ਮੌਕੇ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਇਹ ਵਾਕ ਅੱਜ ਹੋਰ ਵੀ ਅਰਥਪੂਰਨ ਲੱਗਦਾ ਹੈ—
‘ਸਰਕਾਰਾਂ ਆਉਣਗੀਆਂ, ਜਾਣਗੀਆਂ, ਪਾਰਟੀਆਂ ਬਣਨਗੀਆਂ, ਟੁੱਟਣਗੀਆਂ, ਪਰ ਇਹ ਦੇਸ਼ ਅਤੇ ਇਸ ਦਾ ਲੋਕਤੰਤਰ ਬਣਿਆ ਰਹਿਣਾ ਚਾਹੀਦਾ ਹੈ।’
ਅੱਜ ਜਦੋਂ ਭਾਰਤ ‘ਵਿਸ਼ਵਗੁਰੂ’ ਬਣਨ ਦਾ ਸੁਪਨਾ ਦੇਖ ਰਿਹਾ ਹੈ, ਤਾਂ ਉਸ ਦੀ ਸਭ ਤੋਂ ਵੱਡੀ ਤਾਕਤ ਨਾ ਉਸ ਦੀ ਆਰਥਿਕਤਾ ਹੈ, ਨਾ ਉਸ ਦੀ ਫ਼ੌਜ, ਉਸ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਜਾਗਰੂਕ ਨਾਗਰਿਕ, ਉਸ ਦਾ ਆਤਮਵਿਸ਼ਵਾਸੀ ਨੌਜਵਾਨ ਅਤੇ ਉਸ ਦਾ ਸੰਵਾਦ-ਕੇਂਦਰਿਤ ਰੂਹ ਦਾ ਲੋਕਤੰਤਰ ਹੈ।
ਇਹ ਉਹੀ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਏਕਤਾ ਦਾ ਸੰਦੇਸ਼ ਦਿੱਤਾ, ਮਹਾਤਮਾ ਗਾਂਧੀ ਨੇ ਅਹਿੰਸਾ ਨੂੰ ਰਾਜਨੀਤੀ ਦੀ ਭਾਸ਼ਾ ਬਣਾਇਆ, ਡਾ. ਅੰਬੇਡਕਰ ਨੇ ਸੰਵਿਧਾਨ ਰਾਹੀਂ ਸਮਾਨਤਾ ਦੀ ਨੀਂਹ ਰੱਖੀ ਅਤੇ ਕਰੋੜਾਂ ਨੌਜਵਾਨ ਹਰ ਰੋਜ਼ ਆਪਣੇ ਸੁਪਨਿਆਂ ਨਾਲ ਭਾਰਤ ਦਾ ਭਵਿੱਖ ਲਿਖ ਰਹੇ ਹਨ।
ਇਹ ਵੀ ਸੱਚ ਹੈ ਕਿ ਕਿਸੇ ਵੀ ਰਾਸ਼ਟਰ ਦੀ ਅਸਲ ਤਾਕਤ ਉਸ ਦੀਆਂ ਇਮਾਰਤਾਂ, ਫ਼ੌਜਾਂ ਜਾਂ ਆਰਥਿਕ ਅੰਕੜਿਆਂ ਨਾਲ ਨਹੀਂ ਮਾਪੀ ਜਾਂਦੀ, ਉਹ ਉਸ ਦੀਆਂ ਸੰਸਥਾਵਾਂ, ਉਸ ਦੇ ਲੋਕਾਂ ਦੇ ਵਿਸ਼ਵਾਸ ਅਤੇ ਉਸ ਦੇ ਲੋਕਤੰਤਰ ਦੀ ਡੂੰਘਾਈ ਨਾਲ ਮਾਪੀ ਜਾਂਦੀ ਹੈ। ਜਦੋਂ ਦੁਨੀਆਂ ਦੇ ਕਈ ਦੇਸ਼ ਜਨ-ਅੰਦੋਲਨਾਂ, ਰਾਜਨੀਤਿਕ ਅਸਥਿਰਤਾ ਅਤੇ ਸਮਾਜਿਕ ਧਰੁਵੀਕਰਨ ਦੀਆਂ ਲਹਿਰਾਂ ਵਿੱਚ ਉਲਝੇ ਹੋਏ ਹਨ, ਉਦੋਂ ਭਾਰਤ ਵਾਰ-ਵਾਰ ਇਹ ਸਾਬਤ ਕਰ ਰਿਹਾ ਹੈ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਟਕਰਾਅ ਨਹੀਂ, ਸਗੋਂ ਸੰਵਾਦ ਹੈ, ਜਿੱਤ ਨਹੀਂ, ਸਗੋਂ ਜਨਮਤ ਦੀ ਰੂਹ ਦਾ ਦਾ ਸਨਮਾਨ ਹੈ।
ਅੱਜ ਜੰਤਰ-ਮੰਤਰ ਸਿਰਫ਼ ਦਿੱਲੀ ਦਾ ਇੱਕ ਸਥਾਨ ਨਹੀਂ। ਇਹ ਭਾਰਤੀ ਲੋਕਤੰਤਰ ਦਾ ਉਹ ਪ੍ਰਤੀਕ ਹੈ ਜਿੱਥੇ ਅਸਹਿਮਤੀ ਨੂੰ ਵੀ ਸੰਵਿਧਾਨ ਦੀ ਛਾਂ ਹੇਠ ਆਪਣੀ ਗੱਲ ਕਹਿਣ ਦਾ ਅਧਿਕਾਰ ਮਿਲਦਾ ਹੈ। ਜਦੋਂ ਨਾਗਰਿਕ ਆਪਣੀ ਆਵਾਜ਼ ਉਠਾਉਂਦੇ ਹਨ ਅਤੇ ਸੰਸਥਾਵਾਂ ਉਸ ਨੂੰ ਸੁਣਨ ਦੀ ਸਮਰੱਥਾ ਦਿਖਾਉਂਦੀਆਂ ਹਨ, ਉਦੋਂ ਲੋਕਤੰਤਰ ਕਮਜ਼ੋਰ ਨਹੀਂ ਹੁੰਦਾ—ਉਹ ਹੋਰ ਮਜ਼ਬੂਤ ਬਣਦਾ ਹੈ।
ਅਬ੍ਰਾਹਮ ਲਿੰਕਨ ਦਾ ਇਹ ਵਾਕ ਅੱਜ ਵੀ ਭਾਰਤ ਦੀ ਰੂਹ ਨੂੰ ਪਰਿਭਾਸ਼ਿਤ ਕਰਦਾ ਹੈ— ‘7overnment of the people, by the people, for the people.’ ‘ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ।’
ਅੱਜ ਭਾਰਤ ਦਾ ਲੋਕਤੰਤਰ ਇਸ ਤੋਂ ਵੀ ਅੱਗੇ ਦੀ ਯਾਤਰਾ ਹੈ। ਇਹ ਹਜ਼ਾਰਾਂ ਸਾਲਾਂ ਦੀ ਉਸ ਸੱਭਿਆਚਾਰਕ ਚੇਤਨਾ ਦਾ ਆਇਨਾ ਹੈ ਜਿਸ ਨੇ ਸਿਖਾਇਆ ਹੈ—‘ਵਸੁਧੈਵ ਕੁਟੁੰਬਕਮ’ ਅਰਥਾਤ ਸਾਰੀ ਧਰਤੀ ਇੱਕ ਪਰਿਵਾਰ ਹੈ। ਅੱਜ ਜਦੋਂ ਸਾਡੇ ਆਲੇ-ਦੁਆਲੇ ਕਈ ਦੇਸ਼ ਰਾਜਨੀਤਿਕ ਅਸਥਿਰਤਾ ਨਾਲ ਜੂਝ ਰਹੇ ਹਨ, ਭਾਰਤ ਦੀ ਤਾਕਤ ਇਸ ਗੱਲ ਵਿੱਚ ਹੈ ਕਿ ਇੱਥੇ ਸੰਵਿਧਾਨ, ਸੰਸਦ, ਨਿਆਂਪਾਲਿਕਾ, ਸੁਤੰਤਰ ਮੀਡੀਆ ਅਤੇ ਸਭ ਤੋਂ ਵੱਧ ਜਾਗਰੂਕ ਨਾਗਰਿਕ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਹਨ।
ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ—
‘ਸੰਵਿਧਾਨਕ ਨੈਤਿਕਤਾ ਨੂੰ ਲਗਾਤਾਰ ਵਿਕਸਿਤ ਕਰਨਾ ਪੈਂਦਾ ਹੈ।’
ਅਸਲ ਵਿੱਚ ਇਹੀ ਲੋਕਤੰਤਰ ਦੀ ਅਸਲ ਕਸੌਟੀ ਹੈ। ਲੋਕਤੰਤਰ ਕੇਵਲ ਚੋਣਾਂ ਜਿੱਤਣ ਦਾ ਨਾਮ ਨਹੀਂ, ਲੋਕਤੰਤਰ ਵਿਰੋਧੀ ਵਿਚਾਰਾਂ ਦਾ ਸਨਮਾਨ ਕਰਨ ਦੀ ਸੰਸਕ੍ਰਿਤੀ ਵੀ ਹੈ।
ਅੱਜ ਭਾਰਤ ਦੀ ਸਭ ਤੋਂ ਵੱਡੀ ਆਸ ਉਸ ਦੀ ਯੁਵਾ ਸ਼ਕਤੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਇਹ ਦੇਸ਼ ਕੇਵਲ ਰੁਜ਼ਗਾਰ ਜਾਂ ਤਕਨਾਲੋਜੀ ਦਾ ਕੇਂਦਰ ਨਹੀਂ, ਸਗੋਂ ਲੋਕਤੰਤਰੀ ਚੇਤਨਾ ਦਾ ਵੀ ਨਵਾਂ ਕੇਂਦਰ ਬਣ ਸਕਦਾ ਹੈ। ਇਹ ਉਹ ਪੀੜ੍ਹੀ ਹੈ ਜੋ ਸਵਾਲ ਵੀ ਪੁੱਛਦੀ ਹੈ, ਜਵਾਬ ਵੀ ਲੱਭਦੀ ਹੈ ਅਤੇ ਦੇਸ਼ ਦੇ ਨਿਰਮਾਣ ਵਿੱਚ ਆਪਣੀ ਭਾਗੀਦਾਰੀ ਵੀ ਚਾਹੁੰਦੀ ਹੈ।
ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੇ ਕਿਹਾ ਸੀ—
‘ਸੁਪਨੇ ਉਹ ਨਹੀਂ ਜੋ ਨੀਂਦ ਵਿੱਚ ਆਉਂਦੇ ਹਨ, ਸੁਪਨੇ ਉਹ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ।’ ਅੱਜ ‘ਵਿਕਸਿਤ ਭਾਰਤ–2047’ ਦਾ ਸੁਪਨਾ ਵੀ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਨੌਜਵਾਨ ਲੋਕਤੰਤਰ ਨੂੰ ਕੇਵਲ ਵੋਟ ਪਾਉਣ ਦਾ ਸਾਧਨ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵਜੋਂ ਜੀਵੇਗਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










