ਬਦਲਵੇਂ ਪ੍ਰਬੰਧਾਂ ਅਤੇ ਟ੍ਰੀ ਟਰਾਂਸਪਲਾਂਟੇਸ਼ਨ ਨੂੰ ਮਿਲੇਗੀ ਤਰਜੀਹ
ਨਵੀਂ ਦਿੱਲੀ/ਚੰਡੀਗੜ੍ਹ, 06 ਅਗਸਤ:
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਦੌਰਾਨ ਵੱਡੇ, ਪੁਰਾਣੇ ਅਤੇ ਵਿਰਾਸਤੀ ਰੁੱਖਾਂ ਦੀ ਸੁਰੱਖਿਆ ਦਾ ਮੁੱਦਾ ਰਾਜ ਸਭਾ ਵਿੱਚ ਗੰਭੀਰਤਾ ਨਾਲ ਉਠਾਇਆ ਗਿਆ। ਜਿਸਦੇ ਜੁਆਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ ਵਿਕਾਸ ਕਾਰਜਾਂ ਦੌਰਾਨ ਹੁਣ ਬਿਨਾਂ ਲੋੜ ਰੁੱਖਾਂ ਦੀ ਕਟਾਈ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਸਪੱਸ਼ਟ ਕੀਤਾ ਕਿ ਜਿੱਥੇ ਵੀ ਸੰਭਵ ਹੋਵੇਗਾ, ਉੱਥੇ ਵਿਕਲਪਕ ਇੰਜੀਨੀਅਰਿੰਗ ਡਿਜ਼ਾਈਨ, ਹਾਈਵੇਅ ਅਲਾਈਨਮੈਂਟ ਵਿੱਚ ਤਬਦੀਲੀ ਅਤੇ ਟ੍ਰੀ ਟਰਾਂਸਪਲਾਂਟੇਸ਼ਨ ਵਰਗੇ ਉਪਾਵਾਂ ਰਾਹੀਂ ਰੁੱਖਾਂ ਨੂੰ ਬਚਾਉਣ ਨੂੰ ਪਹਿਲ ਦਿੱਤੀ ਜਾਵੇਗੀ।
ਰਾਜ ਸਭਾ ਵਿੱਚ ਸੰਤ ਸੀਚੇਵਾਲ ਨੇ ਆਪਣੇ ਲਿਖਤੀ ਸਵਾਲ ਰਾਹੀ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਦੌਰਾਨ ਪੁਰਾਣੇ ਦਰੱਖਤਾਂ ਨੂੰ ਬਚਾਉਣ ਲਈ ਕੀ ਬਦਲਵੇਂ ਇੰਜੀਨੀਅਰਿੰਗ ਹੱਲ ਅਪਣਾਏ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਜਾਣਕਾਰੀ ਮੰਗੀ ਸੀ ਕਿ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮੁਆਵਜ਼ਾ ਵਣੀਕਰਨ ਦੀ ਕੀ ਨੀਤੀ ਹੈ ਅਤੇ ਰਾਸ਼ਟਰੀ ਮਾਰਗਾਂ ਦੇ ਨਾਲ ਗ੍ਰੀਨ ਬੈਲਟਾਂ ਅਤੇ ਜੈਵ-ਵਿਿਭੰਨਤਾ ਕੌਰੀਡੋਰਾਂ ਦੇ ਵਿਕਾਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਪੰਜਾਬ ਸਮੇਤ ਦੇਸ਼ ਭਰ ਵਿੱਚ ਦਰੱਖਤਾਂ ਦੀ ਕਟਾਈ ਦੇ ਬਦਲੇ ਕਿੰਨੇ ਦਰੱਖਤ ਲਗਾਏ ਗਏ ਹਨ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਿਤਨ ਜੈਰਾਮ ਗਡਕਰੀ ਨੇ ਆਪਣੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਗ੍ਰੀਨ ਹਾਈਵੇਜ਼ ਨੀਤੀ-2015 ਤਹਿਤ ਰਾਸ਼ਟਰੀ ਮਾਰਗਾਂ ਦੇ ਨਾਲ ਗ੍ਰੀਨ ਬੈਲਟਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਵੱਲੋਂ ਸਥਾਨਕ ਜਲਵਾਯੂ ਅਨੁਕੂਲ ਦੇਸੀ ਪ੍ਰਜਾਤੀਆਂ ਦੇ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਬੀ ਕੋਰੀਡੋਰ ਅਤੇ ਆਰੋਗਿਆ ਵਨ ਵਰਗੀਆਂ ਪਹਿਲਕਦਮੀਆਂ ਰਾਹੀਂ ਜੈਵ-ਵਿਿਭੰਨਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਇਹ ਵੀ ਦੱਸਿਆ ਕਿ 19 ਅਪਰੈਲ 2022 ਨੂੰ ਜਾਰੀ ਕੀਤੀ ਗਈ ਟ੍ਰੀ ਟਰਾਂਸਪਲਾਂਟੇਸ਼ਨ ਅਨੁਸਾਰ ਰੁੱਖਾਂ ਨੂੰ ਬਿਨਾਂ ਲੋੜ ਨਹੀਂ ਕੱਟਿਆ ਜਾਵੇਗਾ ਅਤੇ ਪਹਿਲਾਂ ਸਾਰੇ ਵਿਕਲਪਾਂ ‘ਤੇ ਵਿਚਾਰ ਕੀਤਾ ਜਾਵੇਗਾ ਤੇ ਬਦਲਵੇਂ ਪ੍ਰਬੰਧਾਂ ਨੂੰ ਤਰਜੀਹ ਦਿੱਤੀ ਜਾਵੇਗੀ। ਜੰਗਲਾਤ ਵਾਲੇ ਖੇਤਰਾਂ ਵਿੱਚ ਕਟਾਈ ਵਨ (ਸੰਰਕਸ਼ਣ ਅਤੇ ਸੰਵਰਧਨ) ਅਧਿਿਨਯਮ, 1980 ਅਨੁਸਾਰ ਹੀ ਕੀਤੀ ਜਾਂਦੀ ਹੈ ਅਤੇ ਮੁਆਵਜ਼ਾ ਵਣੀਕਰਨ ਲਾਜ਼ਮੀ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਕਾਸ ਅਤੇ ਵਾਤਾਵਰਨ ਇੱਕ-ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਰੁੱਖ ਸਾਡੀ ਕੁਦਰਤੀ ਧਰੋਹਰ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਹਰ ਵਿਕਾਸ ਪ੍ਰੋਜੈਕਟ ਵਿੱਚ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਦਿੱਤੇ ਗਏ ਭਰੋਸਿਆਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਵਿਕਾਸ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਵੀ ਯਕੀਨੀ ਬਣਾਈ ਜਾ ਸਕੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










