ਦਿੱਲੀ ਉਸ ਦਿਨ
ਆਪਣੀਆਂ ਹੀ ਅੱਖਾਂ ਵਿਚ
ਅੱਥਰੂਗੈਸ ਭਰ ਰਹੀ ਸੀ।
ਸੜਕਾਂ ਦੌੜ ਰਹੀਆਂ ਸਨ,
ਰੁੱਖ ਪਿੱਛੇ ਹਟ ਰਹੇ ਸਨ,
ਲਾਠੀਆਂ
ਸਾਡੇ ਸਰੀਰਾਂ ਵਿਚੋਂ
ਆਪਣਾ ਰਸਤਾ ਭਾਲ ਰਹੀਆਂ ਸਨ।
ਮੈਂ ਦੌੜ ਰਿਹਾ ਸੀ—
ਕਿਸੇ ਮੰਜ਼ਿਲ ਵੱਲ ਨਹੀਂ,
ਕੇਵਲ ਉਸ ਥਾਂ ਤੋਂ ਦੂਰ
ਜਿੱਥੇ ਮੇਰਾ ਸਵਾਲ
ਮੇਰੀ ਪਿੱਠ ਉੱਤੇ ਮਾਰਿਆ ਜਾ ਰਿਹਾ ਸੀ।
ਅੱਖਾਂ ਵਿਚ ਅੱਗ,
ਸਾਹ ਵਿਚ ਕੁੜੱਤਣ,
ਮੂੰਹ ਵਿਚ ਖੂਨ ਦਾ
ਲੋਹੇ ਵਰਗਾ ਸੁਆਦ।
ਮੇਰੇ ਸਾਰੇ ਰਸਤੇ
ਧੂੰਏਂ ਵਿਚ ਗੁਆਚ ਗਏ ਸਨ।
ਤਦ
ਸ਼ਹਿਰ ਦੀ ਟੁੱਟੀ ਹੋਈ ਨਿਗਾਹ ਤੋਂ ਉੱਪਰ
ਇੱਕ ਉੱਚਾ ਬਸੰਤੀ ਨਿਸ਼ਾਨ
ਅਡੋਲ ਖੜ੍ਹਾ ਸੀ—
ਜਿਵੇਂ ਆਕਾਸ਼ ਨੇ
ਆਪਣੀ ਬਾਂਹ ਧਰਤੀ ਵੱਲ ਲੰਮੀ ਕਰਕੇ
ਮੇਰੇ ਲਈ
ਇੱਕ ਦਿਸ਼ਾ ਦਿੱਤੀ ਹੋਵੇ।
ਮੈਂ ਉਸਦਾ ਨਾਮ ਨਹੀਂ ਜਾਣਦਾ ਸੀ।
ਪਰ ਉਹ
ਭੀੜ ਵਿਚ ਗੁੰਮੇ ਬੱਚੇ ਲਈ
ਮਾਂ ਦੀ ਉੱਠੀ ਹੋਈ ਬਾਂਹ ਸੀ।
ਮੈਂ ਉਸ ਵੱਲ ਤੁਰ ਪਿਆ।
ਦਰਵਾਜ਼ੇ ਕੋਲ
ਮੈਂ ਆਪਣੇ ਜੁੱਤੇ ਉਤਾਰੇ।
ਲੱਗਿਆ
ਜਿਵੇਂ ਸੜਕ ਦੀ ਸਾਰੀ ਹਿੰਸਾ
ਬਾਹਰ ਹੀ ਰਹਿ ਗਈ ਹੋਵੇ।
ਠੰਢੇ ਪਾਣੀ ਨੇ
ਮੇਰੇ ਤਲਵਿਆਂ ਨੂੰ ਛੂਹਿਆ
ਮੈਂ ਸਿਰ ਢੱਕਿਆ।
ਜਿਵੇਂ ਕਿਸੇ ਅਣਜਾਣ ਹੱਥ ਨੇ
ਮੇਰੇ ਬਿਖਰੇ ਹੋਏ ਡਰ ਨੂੰ
ਆਪਣੀ ਹਥੇਲੀ ਹੇਠ ਲੈ ਲਿਆ ਹੋਵੇ।
ਅੰਦਰ
ਚਿੱਟਾ ਫਰਸ਼ ਸੀ।
ਉਸ ਉੱਤੇ ਤੁਰਦਿਆਂ
ਮੇਰੇ ਪੈਰਾਂ ਦੀ ਆਵਾਜ਼ ਵੀ
ਹੌਲੀ ਹੋ ਗਈ।
ਕੋਈ ਰਾਗ ਵਗ ਰਿਹਾ ਸੀ।
ਮੈਂ ਉਸ ਭਾਸ਼ਾ ਨੂੰ ਨਹੀਂ ਜਾਣਦਾ ਸੀ,
ਪਰ ਉਹ ਧੁਨ
ਮੇਰੀ ਮਾਂ-ਬੋਲੀ ਤੋਂ ਵੀ ਪਹਿਲਾਂ ਦੀ
ਕਿਸੇ ਥਾਂ ਤੋਂ ਆ ਰਹੀ ਸੀ।
ਸ਼ਬਦ ਮੇਰੇ ਕੰਨਾਂ ਵਿਚ ਨਹੀਂ,
ਮੇਰੇ ਜ਼ਖਮਾਂ ਵਿਚ ਉਤਰ ਰਹੇ ਸਨ।
ਕਿਸੇ ਨੇ ਮੇਰਾ ਨਾਮ ਨਹੀਂ ਪੁੱਛਿਆ।
ਕਿਸੇ ਨੇ ਮੇਰਾ ਧਰਮ ਨਹੀਂ ਪੁੱਛਿਆ।
ਕਿਸੇ ਨੇ ਇਹ ਨਹੀਂ ਪੁੱਛਿਆ
ਕਿ ਮੈਂ ਕਿਹੜੀ ਯੂਨੀਵਰਸਿਟੀ ਤੋਂ ਹਾਂ,
ਕਿਹੜਾ ਨਾਅਰਾ ਲਾਇਆ ਸੀ,
ਕਿਸ ਪਾਸੇ ਖੜ੍ਹਾ ਸੀ।
ਇੱਕ ਨੌਜਵਾਨ ਨੇ
ਮੇਰੇ ਮੱਥੇ ਤੋਂ ਖੂਨ ਪੂੰਝਿਆ।
ਉਸਨੇ ਕੁਝ ਕਿਹਾ
ਜੋ ਮੈਂ ਸਮਝ ਨਾ ਸਕਿਆ।
ਪਰ ਉਸਦੀ ਆਵਾਜ਼ ਵਿਚ
ਮੇਰੇ ਲਈ ਇੱਕ ਥਾਂ ਸੀ।
ਫਿਰ ਕਿਸੇ ਨੇ
ਮੇਰੀ ਹਥੇਲੀ ਉੱਤੇ
ਗਰਮ ਕੜਾਹ ਪ੍ਰਸ਼ਾਦ ਰੱਖਿਆ।
ਉਹ ਮਿੱਠਾਸ
ਜੀਭ ਉੱਤੇ ਨਹੀਂ
ਉਸ ਥਾਂ ਪਿਘਲੀ
ਜਿੱਥੇ ਸਵੇਰ ਤੋਂ
ਡਰ ਜਮਿਆ ਹੋਇਆ ਸੀ।
ਹੇਠਾਂ
ਲੰਮੀਆਂ ਪੰਗਤਾਂ ਸਨ।
ਮੈਂ ਬੈਠ ਗਿਆ
ਮੇਰੇ ਸੱਜੇ ਪਾਸੇ
ਪੱਗ ਵਾਲਾ ਇੱਕ ਬੁੱਢਾ,
ਖੱਬੇ ਪਾਸੇ ਥੱਕਿਆ ਸਿਪਾਹੀ।
ਸਾਡੇ ਵਿਚਕਾਰ
ਕੋਈ ਸਰਹੱਦ ਨਹੀਂ ਸੀ।
ਥਾਲੀ ਅੱਗੇ ਆਈ।
ਦਾਲ ਵਰਤਾਈ ਗਈ।
ਰੋਟੀ ਮੇਰੇ ਸਾਹਮਣੇ ਝੁਕੀ।
ਮੈਂ ਕਦੇ ਨਹੀਂ ਸੋਚਿਆ ਸੀ
ਕਿ ਰੋਟੀ ਵੀ
ਜ਼ਖਮੀ ਮਨੁੱਖ ਅੱਗੇ
ਇੰਨੀ ਨਿਮਰ ਹੋ ਸਕਦੀ ਹੈ।
ਇੱਕ ਹੱਥ ਪੁੱਛਦਾ
“ਹੋਰ?”
ਮੈਂ ਸਿਰ ਹਿਲਾਉਂਦਾ।
ਉਹ ਮੁੜ ਆ ਜਾਂਦਾ
ਜਿਵੇਂ ਸੰਸਾਰ ਵਿਚ
ਪਹਿਲੀ ਵਾਰ
ਕੋਈ ਚੀਜ਼ ਘੱਟ ਨਹੀਂ ਸੀ।
ਉੱਪਰ
ਰਾਗ ਅਜੇ ਵੀ ਵਹਿ ਰਿਹਾ ਸੀ।
ਹੇਠਾਂ
ਦਾਲ, ਰੋਟੀ, ਪਾਣੀ।
ਮੈਨੂੰ ਲੱਗਿਆ—
ਸ਼ਾਇਦ ਉਹੀ ਸ਼ਬਦ
ਉੱਪਰ ਗਾਇਆ ਜਾ ਰਿਹਾ ਹੈ
ਅਤੇ ਹੇਠਾਂ
ਥਾਲੀਆਂ ਵਿਚ ਵਰਤ ਰਿਹਾ ਹੈ।
ਰਾਤ ਹੋਈ।
ਬਾਹਰ
ਪੁਲਿਸ ਦੀਆਂ ਗੱਡੀਆਂ ਅਜੇ ਵੀ ਸਨ,
ਸਾਇਰਨ ਅਜੇ ਵੀ
ਸ਼ਹਿਰ ਦੀ ਛਾਤੀ ਚੀਰ ਰਹੇ ਸਨ।
ਪਰ ਅੰਦਰ
ਸੈਂਕੜੇ ਅਣਜਾਣ ਲੋਕ
ਇੱਕੋ ਫਰਸ਼ ਉੱਤੇ ਸੁੱਤੇ ਸਨ।
ਕਿਸੇ ਦਾ ਬੈਗ ਸਿਰਹਾਣਾ ਸੀ,
ਕਿਸੇ ਦੀ ਸ਼ਾਲ ਕਿਸੇ ਹੋਰ ਉੱਤੇ ਪਈ ਸੀ,
ਕਿਸੇ ਦਾ ਹੱਥ
ਨੀਂਦ ਵਿਚ ਵੀ
ਜ਼ਖਮੀ ਮਿੱਤਰ ਦੀ ਬਾਂਹ ਫੜੀ ਬੈਠਾ ਸੀ।
ਮੈਂ ਲੇਟ ਗਿਆ।
ਛੱਤ ਉੱਤੇ
ਕੋਈ ਦੀਵਾ ਨਹੀਂ ਜਲ ਰਿਹਾ ਸੀ
ਫਿਰ ਵੀ ਹਨੇਰਾ
ਮੇਰੇ ਕੋਲ ਆਉਣ ਤੋਂ ਡਰਦਾ ਸੀ।
ਸਵੇਰੇ ਜਦ ਮੈਂ ਬਾਹਰ ਨਿਕਲਿਆ,
ਸ਼ਹਿਰ ਉਹੀ ਸੀ।
ਲਾਠੀਆਂ ਉਹੀ।
ਧੂੰਆਂ ਉਹੀ।
ਸਵਾਲ ਉਹੀ।
ਪਰ ਹੁਣ
ਮੇਰੇ ਪਿੱਛੇ ਇੱਕ ਦਰਵਾਜ਼ਾ ਸੀ
ਜੋ ਬੰਦ ਹੋਣਾ ਨਹੀਂ ਜਾਣਦਾ ਸੀ।
ਮੈਂ ਮੁੜ ਕੇ
ਉਸ ਉੱਚੇ ਨਿਸ਼ਾਨ ਵੱਲ ਵੇਖਿਆ।
ਹੁਣ ਮੈਂ ਉਸਦਾ ਨਾਮ ਜਾਣਦਾ ਸੀ।
ਪਰ ਨਾਮ ਤੋਂ ਵੀ ਵੱਡੀ ਗੱਲ ਇਹ ਸੀ
ਕੱਲ੍ਹ ਰਾਤ
ਜਦ ਸੱਤਾ
ਮੇਰੀ ਪਛਾਣ ਪੁੱਛ ਕੇ ਮੈਨੂੰ ਮਾਰ ਰਹੀ ਸੀ,
ਉਸਨੇ
ਮੇਰੀ ਪਛਾਣ ਪੁੱਛੇ ਬਿਨਾਂ ਹੀ
ਮੈਨੂੰ ਮਨੁੱਖ ਮੰਨ ਲਿਆ ਸੀ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










