ਗੁਰੂ ਸਾਹਿਬਾਨ ਵਲੋਂ ਦਿਤੇ ਸੰਦੇਸ਼ ਨੂੰ ਸਮਝ ਕੇ ਸੰਕਲਪਾਂ ਦੇ ਰੂਪ ਵਿਚ ਸਮਾਜ ਅੱਗੇ ਲਿਆਉਣਾ ਹੈ ਸਮੇਂ ਦੀ ਲੋੜ: ਡਾ. ਜਗਦੀਪ ਸਿੰਘ
ਪਟਿਆਲਾ, 21 ਜੁਲਾਈ
ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ‘ਗੁਰਬਾਣੀ ਦੇ ਮੂਲ ਸੰਕਲਪ’ ਵਿਸ਼ੇ ’ਤੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਰਾਸ਼ਟਰੀ ਵਰਕਸ਼ਾਪ ਆਰੰਭ ਹੋ ਗਈ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਸ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਵਿਭਾਗ ਵਿਚ ਹੋ ਰਹੇ ਵੱਖ-ਵੱਖ ਧਰਮਾਂ ਦੇ ਅਧਿਐਨ ਤੋਂ ਆਪਸੀ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਨਾਲ ਹਮੇਸ਼ਾ ਇਕ ਨਵੀਂ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਲੀਕਿਆ ਪ੍ਰਾਜੈਕਟ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਤਿੰਨ ਦਿਨਾਂ ਦੀ ਵਰਕਸ਼ਾਪ ਉਚ ਪੱਧਰ ਦੇ ਕਾਰਜ ਦਾ ਖਰੜਾ ਤਿਆਰ ਕਰਨ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਾਰਜ ਵਡੀ ਜੁੰਮੇਵਾਰੀ ਦਾ ਹੈ ਕਿਉਂਕਿ ਜਦੋਂ ਵੀ ਧਰਮ ਅਧਿਐਨ ਜਾਂ ਸਿੱਖ ਅਧਿਐਨ ਬਾਰੇ ਵਿਚਾਰ ਹੁੰਦਾ ਹੈ ਤਾਂ ਸਭ ਦੀਆਂ ਉਮੀਦਾਂ ਇਸ ਵਿਭਾਗ ਤੋਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਭਾਗ ਵਿਚ ਪਹਿਲਾਂ ਤੋਂ ਹੁੰਦੇ ਆ ਵੱਡੇ ਖੋਜ ਕਾਰਜਾਂ ਵਾਂਗ ਹੀ ਇਸ ਵਰਕਸ਼ਾਪ ਦਾ ਕਾਰਜ ਵੀ ਨਿਵੇਕਲਾ ਹੋਣ ਦੀ ਉਮੀਦ ਹੈ। ਇਹ ਕਾਰਜ ਕੇਵਲ ਵਿਦਵਾਨਾਂ ਜਾਂ ਖੋਜਾਰਥੀਆਂ ਲਈ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਵਲੋਂ ਦਿਤੇ ਸੰਦੇਸ਼ ਨੂੰ ਸਮਝ ਕੇ ਸੰਕਲਪਾਂ ਦੇ ਰੂਪ ਵਿਚ ਸਮਾਜ ਅਗੇ ਲਿਆਉਣਾ, ਸਮੇਂ ਦੀ ਲੋੜ ਵੀ ਹੈ। ਉਨ੍ਹਾਂ ਇਸ ਕਾਰਜ ਨੂੰ ਸ਼ੁਰੂ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਕਾਰਜ ਦੀ ਸੰਪੂਰਨਤਾ ਲਈ ਜੁੰਮੇਵਾਰੀ, ਮਿਹਨਤ ਅਤੇ ਅਦਬ ਸਤਿਕਾਰ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਹੈ।

ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ, ਡਾ. ਗੁਰਮੀਤ ਸਿੰਘ ਸਿੱਧੂ ਨੇ ਦਸਿਆ ਕਿ ਦਸੰਬਰ 2018 ਵਿਚ ਇਕ 15 ਦਿਨਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਤਕਰੀਬਨ 250 ਮੂਲ ਸੰਕਲਪਾਂ ਦਾ ਇਕ ਖਰੜਾ ਤਿਆਰ ਕੀਤਾ ਗਿਆ ਸੀ। ਉਸ ਹੀ ਵਰਕਸ਼ਾਪ ਦੀ ਲੜੀ ਦੇ ਵਿਚ ਇਹ ਕਾਰਜਸ਼ਾਲਾ ਲਗਾਈ ਜਾ ਰਹੀ ਹਾਂ ਤਾਂ ਕਿ ਰਹਿੰਦੇ ਹੋਰ ਗੁਰਬਾਣੀ ਸੰਕਲਪਾਂ ਬਾਰੇ ਵਿਸਤਾਰ ਵਿਚ ਕਾਰਜ ਕੀਤਾ ਜਾ ਸਕੇ। ਇਸ ਵਰਕਸ਼ਾਪ ਦੇ ਮੰਤਵ ਬਾਰੇ ਹੋਰ ਦਸਦਿਆਂ ਉਨ੍ਹਾਂ ਕਿਹਾ ਕਿ ਗੁਰਬਾਣੀ ਵਿਆਖਿਆ ਦੇ ਕਾਰਜ ਵਿਚ ਇਸ ਦੇ ਮੂਲ ਸੰਕਲਪਾਂ ਨੂੰ ਵੱਖ-ਵੱਖ ਪੱਖਾਂ ਤੋਂ ਸਮਝਣ ਅਤੇ ਗੁਰਮਤਿ ਸਿਧਾਂਤ ਮੁਤਾਬਕ ਇਨ੍ਹਾਂ ਦੀ ਪੜ੍ਹਤ ਤਿਆਰ ਕਰਨਾ ਇਸ ਵਰਕਸ਼ਾਪ ਦਾ ਮੁਖ ਉਦੇਸ਼ ਹੈ। ਇਹ ਕਾਰਜ ਸਿੱਖ ਅਧਿਐਨ ਨਾਲ਼ ਜੁੜੇ ਖੋਜੀਆਂ ਅਤੇ ਗੁਰਬਾਣੀ ਦੇ ਪਾਠ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਮਹੱਤਵਪੂਰਨ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਵਰਕਸ਼ਾਪ ਦੇ ਉਦੇਸ਼ ਮੁਤਾਬਕ ਇਕ ਖਰੜਾ ਤਿਆਰ ਕੀਤਾ ਜਾਵੇਗਾ ਅਤੇ ਪਹਿਲਾਂ ਲਗਾਈ ਵਰਕਸ਼ਾਪ ਦੇ ਖਰੜੇ ਦੀ ਸੁਧਾਈ ਅਤੇ ਵਿਸਤਾਰ ਕੀਤਾ ਜਾਵੇਗਾ। ਜਿਸ ਲਈ ਗੁਰਮਤਿ ਅਧਿਐਨ ਨਾਲ ਸੰਬੰਧਤ ਵਿਸ਼ਾ ਮਾਹਰ ਤਿੰਨ ਦਿਨਾਂ ਲਈ ਵੱਖ-ਵੱਖ ਇੰਦਰਾਜਾਂ ਉਪਰ ਕਾਰਜ ਕਰਨਗੇ ਅਤੇ ਖੋਜਾਰਥੀਆਂ ਦੇ ਵੱਖ-ਵੱਖ ਗਰੁਪਾਂ ਵਿਚ ਹਰ ਇੰਦਰਾਜ ਉਪਰ ਗੰਭੀਰ ਵਿਚਾਰ ਚਰਚਾ ਕੀਤੀ ਜਾਵੇਗੀ।
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋਂ ਰਸਮੀ ਤੌਰ ’ਤੇ ਇਸ ਵਰਕਸ਼ਾਪ ਦੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










