ਪੰਥ ਦੇ ਨੁਕਸਾਨ ਲਈ ਹੀ ਸਰਨਾ ਤੇ ਜੀ.ਕੇ. ਨੂੰ ਸੰਗਤ ਨੇ ਚੋਣਾਂ ਵਿਚ ਹਾਰ ਦਿੱਤੀ ਤੇ ਹੁਣ ਇਕ ਵਾਰ ਫਿਰ ਹਾਰਨ ਲਈ ਤਿਆਰ ਰਹਿਣ: ਕਾਲਕਾ, ਕਾਹਲੋਂ
ਨਵੀਂ ਦਿੱਲੀ, 7 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਝੂਠ ਬੋਲਣ ਦੇ ਉਸਤਾਦ ਪਰਮਜੀਤ ਸਿੰਘ ਸਰਨਾ ਵੱਲੋਂ ਇਕ ਵਾਰ ਫਿਰ ਤੋਂ ਝੂਠ ਬੋਲ ਕੇ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦੇ ਨਾਲ ਬੈਠਣ ਵਾਲਿਆਂ ਨੇ ਹੀ ਉਹਨਾਂ ਖਿਲਾਫ ਬੀਤੇ ਸਮੇਂ ਵਿਚ ਕੇਸ ਦਰਜ ਕਰਵਾਏ ਸਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਪਰਮਜੀਤ ਸਿੰਘ ਸਰਨਾ ਵੱਲੋਂ ਬੋਲੇ ਜਾ ਰਹੇ ਝੂਠ ਨੂੰ ਵੇਖ ਕੇ ਹੈਰਾਨ ਹਨ ਕਿ ਉਹ ਕਿਵੇਂ ਹਰ ਚੀਜ਼ ਦੇ ਝੂਠੇ ਤੇ ਹਵਾਈ ਦਾਅਵੇ ਕਰਦੇ ਹਨ। ਉਹਨਾਂ ਕਿਹਾ ਕਿ ਸਰਨਾ ਜਿਹੜੇ 13 ਸਾਲਾਂ ਦੀ ਗੱਲ ਕਰ ਰਹੇ ਹਨ, ਉਸ ਵਿਚੋਂ 6 ਸਾਲ ਪ੍ਰਧਾਨ ਤਾਂ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ.ਕੇ. ਹੀ ਰਹੇ ਹਨ ਜਿਹਨਾਂ ਨੂੰ ਉਹ ਚਾਰਜ ਦੇ ਕੇ ਗਏ ਸਨ।
ਉਹਨਾਂ ਕਿਹਾ ਕਿ ਸਰਨਾ ਆਖ ਰਹੇ ਹਨ ਕਿ ਉਹਨਾਂ ਨੇ 120 ਕਰੋੜ ਰੁਪਏ ਖ਼ਜ਼ਾਨੇ ਵਿਚ ਛੱਡੇ ਸਨ ਤਾਂ ਮਨਜੀਤ ਸਿੰਘ ਜੀ.ਕੇ. ਦੱਸਣ ਕਿ ਉਹ ਪੈਸੇ ਕਿਥੇ ਵਰਤੇ ਗਏ ? ਕਿਉਂਕਿ ਸੰਗਤ ਦੀ ਭਲਾਈ ਵਾਸਤੇ ਤਾਂ ਉਹਨਾਂ ਦੁੱਕੀ ਵੀ ਖਰਚ ਨਹੀਂ ਕੀਤੀ।

ਉਹਨਾਂ ਨੇ ਕੁਲਦੀਪ ਸਿੰਘ ਭੋਗਲ ਵੱਲੋਂ ਸਨਲਾਈਟ ਕਲੋਨੀ ਵਿਚ ਦਰਜ ਕਰਵਾਈ ਐਫ ਆਈ ਆਰ ਦੀ ਕਾਪੀ ਵਿਖਾਉਂਦਿਆਂ ਕਿਹਾ ਕਿ ਸਰਨਾ ਸ਼ਾਇਦ ਇਹ ਭੁੱਲ ਗਏ ਹਨ ਕਿ ਉਹਨਾਂ ਦੇ ਸੱਜੇ ਖੱਬੇ ਬੈਠਣ ਵਾਲਿਆਂ ਨੇ ਹੀ ਉਹਨਾਂ ਦੇ ਖਿਲਾਫ ਐਫ ਆਈ ਆਰਜ਼ ਦਰਜ ਕਰਵਾਈਆਂ ਸਨ।
ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਤੇ ਉਹਨਾਂ ਮਗਰੋਂ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੇ ਤਨਖਾਹ ਕਮਿਸ਼ਨ ਦੇ ਬਕਾਏ ਅਦਾ ਨਹੀਂ ਕੀਤੇ ਕਈ ਸਾਲਾਂ ਤੋਂ ਸਟਾਫ ਨੂੰ ਅਦਾਲਤਾਂ ਦੇ ਧੱਕੇ ਖਾਣੇ ਪਏ ਤੇ ਮੌਜੂਦਾ ਟੀਮ ਨੇ ਆ ਕੇ ਸਟਾਫ ਲਈ 200 ਕਰੋੜ ਰੁਪਏ ਜਾਰੀ ਕਰ ਕੇ ਬਕਾਏ ਨਿਪਟਾਏ ਹਨ।
ਉਹਨਾਂ ਕਿਹਾ ਕਿ ਇਸੇ ਤਰੀਕੇ ਬਾਲਾ ਸਾਹਿਬ ਹਸਪਤਾਲ ਦਾ ਪਰਮਜੀਤ ਸਿੰਘ ਸਰਨਾ ਬੁਰਾ ਹਾਲ ਛੱਡ ਕੇ ਗਏ ਸਨ। ਉਹਨਾਂ ਮਗਰੋਂ ਮਨਜੀਤ ਸਿੰਘ ਜੀ.ਕੇ. ਨੇ ਉਸ ਬਾਰੇ ਕੁਝ ਨਹੀਂ ਕੀਤਾ ਪਰ ਮੌਜੂਦਾ ਟੀਮ ਨੇ ਹਸਪਤਾਲ ਚਾਲੂ ਕੀਤਾ ਅਤੇ ਅੱਜ ਉਥੇ ਮੁਫਤ ਓ ਪੀ ਡੀ, ਦਿਲ ਦੇ ਰੋਗਾਂ ਦਾ ਇਲਾਜ, ਕੈਂਸਰ ਦੇ ਟੈਸਟ, ਮੁਫਤ ਡਾਇਲਸਿਸ ਵਰਗੀਆਂ ਅਨੇਕਾਂ ਸਹੂਲਤਾਂ ਸੰਗਤਾਂ ਨੂੰ ਮਿਲ ਰਹੀਆਂ ਹਨ।
ਉਹਨਾਂ ਕਿਹਾ ਕਿ ਇਸੇ ਤਰੀਕੇ ਮੌਜੂਦਾ ਟੀਮ ਦੇ ਚੰਗੇ ਪ੍ਰਬੰਧਨ ਦੀ ਬਦੌਲਤ ਅੱਜ ਕਮੇਟੀ ਦੇ ਚਾਰੋਂ ਕਾਲਜ ਏ ਪਲੱਸ ਕੈਟਾਗਿਰੀ ਵਿਚ ਹਨ ਤੇ ਜਿਹੜਾ ਪੋਲੀਟੈਕਨੀਕ ਸਰਨਾ ਨੇ ਵਸੰਤ ਵਿਹਾਰ ਵਿਚ ਬੰਦ ਕੀਤਾ ਸੀ, ਉਸਨੂੰ ਹਰੀ ਨਗਰ ਵਿਚ ਸ਼ਿਫਟ ਕਰ ਕੇ ਚਲਾਇਆ ਗਿਆ ਤੇ ਅੱਜ ਹਰ ਸਾਲ 1000 ਵਿਦਿਆਰਥੀ ਉਥੋਂ ਇੰਜੀਨੀਅਰ ਬਣ ਕੇ ਨਿਕਲਦਾ ਹੈ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਕਿੱਲ ਡਵੈਲਪਮੈਂਟ ਸਾਡੇ ਵਿਦਿਆਰਥੀ ਸਿੱਖ ਰਹੇ ਹਨ ਤੇ ਕੰਪਨੀਆਂ ਕਾਲਜ ਕੈਂਪਸ ਵਿਚ ਆ ਕੇ ਹੀ ਪਲੇਸਮੈਂਟ ਦੇ ਰਹੀਆਂ ਹਨ।
ਉਹਨਾਂ ਕਿਹਾ ਕਿ ਪਹਿਲਾਂ 20 ਸਾਲਾਂ ਤੱਕ ਸਰਨਾ ਭਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੋਸਦੇ ਰਹੇ ਤੇ ਕਦੇ ਉਹਨਾਂ ਤੋਂ ਬੇਅਦਬੀਆਂ, 328 ਸਰੂਪਾਂ, ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣ ਦੇ ਸਵਾਲ ਕਰਦੇ ਰਹੇ ਪਰ ਅੱਜ ਸਾਰੇ ਸਵਾਲ ਖ਼ਤਮ ਹੋ ਗਏ ਹਨ ਅਤੇ ਉਹ ਦੋਵੇਂ ਇਕ ਮਿਕ ਹੋ ਗਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀ.ਕੇ., ਅਵਤਾਰ ਸਿੰਘ ਹਿੱਤ ਤੇ ਕੁਲਦੀਪ ਸਿੰਘ ਭੋਗਲ ਦੀਆਂ ਦਰਜਨਾਂ ਵੀਡੀਓ ਨੈਟ ’ਤੇ ਪਈਆਂ ਜਿਹਨਾਂ ਵਿਚ ਉਹ ਸਰਨਾ ਭਰਾਵਾਂ ਨੂੰ ਕੋਸਦੇ ਨਜ਼ਰ ਆਉਂਦੇ ਹਨ।
ਉਹਨਾਂ ਇਹ ਵੀ ਕਿਹਾ ਕਿ ਸਰਨਾ ਪਰਿਵਾਰ ਖੁਦ ਸ਼ਰਾਬ ਦੀਆਂ ਫੈਕਟਰੀਆਂ ਚਲਾਉਂਦਾ ਹੈ ਜਿਸਦਾ ਸਬੂਤ ਹੈ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਏ ਡੀ ਬਰੋਸਮ ਡਿਸਟਰੀਲਰੀ ਵਿਚ ਪ੍ਰਭਜੀਤ ਸਿੰਘ ਸਰਨਾ ਡਾਇਰੈਕਟਰ ਅਤੇ ਜਸਦੀਪ ਕੌਰ ਚੱਢਾ ਮਾਲਕਣ ਹੈ। ਉਹਨਾਂ ਕਿਹਾ ਕਿ ਖੁਦ ਸ਼ਰਾਬ ਫੈਕਟਰੀ ਚਲਾਉਣ ਵਾਲੇ ਪ੍ਰਧਾਨਗੀਆਂ ਲੈਣੀਆਂ ਚਾਹੁੰਦੇ ਹਨ ਜਦੋਂ ਕਿ ਸੰਗਤ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਸਰਨਾ ਦੇ ਸਾਥੀ ਕਰਤਾਰ ਸਿੰਘ ਚਾਵਲਾ ’ਤੇ ਸ੍ਰੀਨਗਰ ਵਿਚ ਲੋਕਾਂ ਨਾਲ ਧੋਖਾ ਕਰਨ ਦੀ ਐਫ ਆਈ ਆਰ ਦਰਜ ਹੈ।
ਉਹਨਾਂ ਸਰਨਾ ਨੂੰ ਇਹ ਵੀ ਚੇਤੇ ਕਰਵਾਇਆ ਕਿ ਕਿਵੇਂ ਉਹਨਾਂ ਨੂੰ ਸੰਗਤ ਨੇ ਡੇਰਾ ਬਾਬਾ ਕਰਮ ਸਿੰਘ ਤੋਂ ਜੁੱਤੀਆਂ ਮਾਰ ਕੇ ਭਜਾਇਆ ਸੀ ਤੇ ਉਹਨਾਂ ਦੇ ਕਪੜੇ ਫਾੜੇ ਸਨ। ਉਹਨਾਂ ਕਿਹਾ ਕਿ ਸਰਨਾ ਨੂੰ ਇਹ ਕਹਿੰਦਿਆਂ ਵੀ ਸ਼ਰਮ ਨਹੀਂ ਆਈ ਕਿ ਅੱਜ ਗੁਰੂ ਘਰਾਂ ਵਿਚ ਕੀਰਤਨ ਦਾ ਸਟੈਂਡਰਡ ਘੱਟ ਗਿਆ ਹੈ ਤੇ ਉਹਨਾਂ ਦੇ ਚੜ੍ਹਾਏ ਸੋਨੇ ਕਾਰਨ ਹੀ ਸੰਗਤ ਗੁਰਦੁਆਰਾ ਬੰਗਲਾ ਸਾਹਿਬ ਜਾਂਦੀ ਹੈ।
ਉਹਨਾਂ ਕਿਹਾ ਕਿ ਗੁਰੂ ਘਰਾਂ ਵਿਚ ਕਦੇ ਵੀ ਕੀਰਤਨ ਦਾ ਸਟੈਂਡਰਡ ਘੱਟ ਨਹੀਂ ਹੋ ਸਕਦਾ ਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਚ ਸੰਗਤ ਗੁਰੂ ਦੀਆਂ ਅਸੀਸਾਂ ਲੈਣ ਜਾਂਦੀ ਹੈ। ਉਹਨਾਂ ਕਿਹਾ ਕਿ ਸਰਨਾ ਨੂੰ ਆਪਣੇ ਇਸ ਬਿਆਨ ਲਈ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਕਮੇਟੀ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਹੀ ਸੰਗਤਾਂ ਨੇ ਹਮੇਸ਼ਾ ਮੌਜੂਦਾ ਟੀਮ ਨੂੰ ਆਸ਼ੀਰਵਾਦ ਦਿੱਤਾ ਤੇ ਅੱਗੇ ਵੀ ਦੇਣਗੀਆਂ ਤੇ ਸਰਨਾ ਤੇ ਉਹਨਾਂ ਦੇ ਟੋਲੇ ਨੂੰ ਜਿਵੇਂ ਪਹਿਲਾਂ ਹਾਰ ਦਾ ਸਾਹਮਣਾ ਕਰਨਾ ਪਿਆ, ਉਸੇ ਤਰੀਕੇ ਹੁਣ ਵੀ ਸੰਗਤ ਉਹਨਾਂ ਨੂੰ ਕਰਾਰਾ ਸਬਕ ਸਿਖਾਏਗੀ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










